ਅੰਮਿ੍ਤਸਰ, 23 ਫ਼ਰਵਰੀ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਵਲੋਂ ਛੁੱਟੀ 'ਤੇ ਚੱਲ ਰਹੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ , ਉਨ੍ਹਾਂ ਵਲੋਂ ਬੀਤੀ 18 ਫਰਵਰੀ ਨੂੰ ਸ਼ੋ੍ਰਮਣੀ ਕਮੇਟੀ ਵਿਚ ਭਿ੍ਸ਼ਟਾਚਾਰ ਆਦਿ ਦੇ ਲਗਾਏ ਇਲਜ਼ਾਮਾਂ ਸੰਬੰਧੀ 72 ਘੰਟਿਆਂ ਅੰਦਰ ਦੋਸ਼ ਸਿੱਧ ਕਰਨ ਤੇ ਸਬੂਤ ਪੇਸ਼ ਕਰਨ ਲਈ ਦਿੱਤੇ ਗਏ ਨੋਟਿਸ/ਅਲਟੀਮੇਟ ਦੀ ਮਿਆਦ ਬੀਤੇ ਦਿਨ ਖਤਮ ਹੋ ਗਈ ਹੈ, ਪਰ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਅਨੁਸਾਰ ਅਜੇ ਤੱਕ ਗਿਆਨੀ ਰਘਬੀਰ ਸਿੰਘ ਵਲੋਂ ਉਕਤ ਨੋਟਿਸ ਦਾ ਕੋਈ ਲਿਖਤੀ ਜਵਾਬ ਨਹੀਂ ਮਿਲਿਆ | ਇਸੇ ਦੌਰਾਨ ਪ੍ਰਧਾਨ ਧਾਮੀ ਵਲੋਂ 26 ਫਰਵਰੀ ਨੂੰ ਅੰਤਿੰ੍ਰਗ ਕਮੇਟੀ ਦੀ ਹੰਗਾਮੀ ਇਕੱਤਰਤਾ ਮੁੜ ਸੱਦ ਲਈ ਗਈ ਹੈ | ਸਮਝਿਆ ਜਾਂਦਾ ਹੈ ਕਿ ਮੁੱਖ ਦਫ਼ਤਰ ਵਿਖੇ 26 ਨੂੰ ਸਵੇਰੇ ਕਰੀਬ 11 ਵਜੇ ਹੋਣ ਵਾਲੀ ਇਸ ਇਕੱਤਰਤਾ ਵਿਚ ਅਗਲੇ ਮਹੀਨੇ ਸ਼ੋ੍ਰਮਣੀ ਕਮੇਟੀ ਦੇ ਸਾਲਾਨਾ ਬਜਟ ਇਜਲਾਸ ਦੀ ਤਰੀਕ ਤੈਅ ਕਰਨ ਦੇ ਨਾਲ ਨਾਲ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਬਾਰੇ ਕੋਈ ਅਹਿਮ ਫ਼ੈਸਲਾ ਲਿਆ ਜਾ ਸਕਦਾ ਹੈ | ਦੂਜੇ ਪਾਸੇ ਗਿਆਨੀ ਰਘਬੀਰ ਸਿੰਘ ਵਲੋਂ ਪ੍ਰਧਾਨ ਧਾਮੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਦਿੱਤੇ 72 ਘੰਟਿਆਂ ਦੇ ਅਲਟੀਮੇਟਮ ਦੀ ਮਿਆਦ ਵੀ 25 ਫਰਵਰੀ ਨੂੰ ਖਤਮ ਹੋਣੀ ਹੈ ਤੇ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਵਲੋਂ ਵੀ 26 ਫਰਵਰੀ ਨੂੰ ਆਪਣੇ ਲਾਏ ਦੋਸ਼ਾਂ ਬਾਰੇ ਸੰਗਤਾਂ ਦੀ ਕਚਹਿਰੀ ਵਿਚ ਸਬੂਤ ਰੱਖੇ ਜਾ ਸਕਦੇ ਹਨ | ਦੋਵੇਂ ਧਿਰਾਂ ਆਹਮੋ ਸਾਹਮਣੇ ਹਨ |