ਅਟਾਰੀ ਸਰਹੱਦ (ਅੰਮਿ੍ਤਸਰ), 23 ਫਰਵਰੀ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ ਅਟਾਰੀ)-ਭਾਰਤੀ ਸਰਹੱਦ ਨਜ਼ਦੀਕ ਸਥਿਤ ਅੰਮਿ੍ਤਸਰ ਜ਼ਿਲ੍ਹਾ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਵਿਖੇ ਸਪੈਸ਼ਲ ਡੀ. ਜੀ. ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਪਹੁੰਚੇ | ਉਨ੍ਹਾਂ ਨਾਲ ਡੀ. ਆਈ. ਜੀ. ਬਾਰਡਰ ਰੇਂਜ ਸੰਦੀਪ ਗੋਇਲ, ਐੱਸ. ਐੱਸ. ਪੀ. ਅੰਮਿ੍ਤਸਰ ਦਿਹਾਤੀ ਸੁਹੇਲ ਮੀਰ, ਡੀ. ਐੱਸ. ਪੀ. ਅਟਾਰੀ ਯਾਦਵਿੰਦਰ ਸਿੰਘ, ਐੱਸ. ਐੱਚ. ਓ. ਅਮਨਦੀਪ ਸਿੰਘ ਵੀ ਮੌਜੂਦ ਸਨ | ਅਰਪਿਤ ਸ਼ੁਕਲਾ ਨੇ ਕਿਹਾ ਕਿ ਗੈਂਗਸਟਰਾਂ ਅਤੇ ਨਸ਼ੇ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਤਰਨ-ਤਾਰਨ ਦੇ ਥਾਣੇ ਸਰਾਂ ਅਮਾਨਤ ਖਾਂ ਅਤੇ ਥਾਣਾ ਘਰਿੰਡਾ ਦਾ ਦੌਰਾ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਦੇ ਖ਼ਿਲਾਫ਼ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਆਉਣ ਦਾ ਮਕਸਦ ਇਹ ਹੈ ਕਿ ਗੈਂਗਸਟਰਾਂ ਅਤੇ ਨਸ਼ਿਆਂ ਦੇ ਵਿਰੋਧ 'ਚ ਜਿਹੜੇ ਆਪ੍ਰੇਸ਼ਨ ਚਲਾਏ ਜਾ ਰਹੇ ਹਨ ਉਸ ਦੀ ਸਮੀਖਿਆ ਕੀਤੀ ਜੋ ਵੀ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਹਨ ਉਹ ਦੂਰ ਕੀਤੀਆਂ ਗਈਆਂ ਹਨ | ਬੀਤੇ ਕੱਲ੍ਹ ਦੋ ਪੁਲਿਸ ਮੁਲਾਜ਼ਮਾਂ ਨੂੰ ਗੁਰਦਾਸਪੁਰ ਵਿਖੇ ਇਕ ਚੌਕੀ ਵਿਚ ਅਣਪਛਾਤੇ ਵਿਅਕਤੀਆਂ ਵਲੋਂ ਮਾਰੇ ਜਾਣ 'ਤੇ ਉਨ੍ਹਾਂ ਕਿਹਾ ਕਿ ਪੁਲਿਸ ਇਸ ਸੰਬੰਧੀ ਬਰੀਕੀ ਨਾਲ ਜਾਂਚ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫਾਜ਼ਿਲਕਾ ਤੋਂ ਲੈ ਕੇ ਗੁਰਦਾਸਪੁਰ ਤੱਕ ਸਮੁੱਚੀ ਬਾਰਡਰ ਪੱਟੀ 'ਤੇ 40 ਕਰੋੜ ਰੁਪਏ ਦੀ ਲਾਗਤ ਨਾਲ ਹਾਈਟੈਕ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਲਈ ਮਨਜ਼ੂਰੀ ਦਿੱਤੀ ਹੈ ਤੇ ਕੁਝ ਹਿੱਸੇ ਵਿਚ ਕੈਮਰੇ ਲੱਗ ਗਏ ਹਨ, ਜਿਸ ਦੇ ਨਾਲ ਡਰੋਨ ਸਿਸਟਮ ਵੀ ਪੰਜਾਬ ਪੁਲਿਸ ਵਲੋਂ ਵਰਤਿਆ ਜਾ ਰਿਹਾ ਹੈ |
ਫਾਜ਼ਿਲਕਾ ਤੋਂ ਪਠਾਨਕੋਟ ਤੱਕ ਸੀ.ਸੀ.ਟੀ.ਵੀ. ਕੈਮਰੇ ਲੱਗਣਗੇ-ਵਿਸ਼ੇਸ਼ ਡੀ. ਜੀ. ਪੀ. <br/>
ਅਜੀਤ ਡੈਸਕ
24-02-2026