ਖੰਨਾ, 23 ਫਰਵਰੀ (ਹਰਜਿੰਦਰ ਸਿੰਘ ਲਾਲ)-ਆਪਣੀਆਂ ਸਮੱਸਿਆ ਨੂੰ ਲੈ ਕੇ ਬੀ. ਐੱਸ. ਐੱਨ. ਐੱਲ. ਦੇ ਜੀ. ਐੱਮ. ਨਾਲ ਰੱਖੀ ਬੈਠਕ 'ਚ ਜੀ. ਐੱਮ. ਦੇ ਨਾ ਪੁੱਜਣ 'ਤੇ ਵੈਂਡਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਾਡੀਆਂ ਸਮੱਸਿਆਵਾਂ ਨੂੰ ਲੈ ਕੇ ਖੰਨੇ ਸ਼ਹਿਰ 'ਚ ਲੁਧਿਆਣੇ ਜ਼ਿਲ੍ਹੇ ਦੇ ਸਾਰੇ ਬੀ. ਐੱਸ. ਐੱਨ. ਐੱਲ ਵੈਂਡਰਾਂ ਦੀ ਜੀ. ਐੱਮ. ਲੁਧਿਆਣਾ ਨਾਲ ਮੀਟਿੰਗ ਰੱਖੀ ਗਈ ਸੀ | ਜਿਸ 'ਚ ਬਹੁਤ ਅਹਿਮ ਵਿਚਾਰਾਂ ਕੀਤੀਆਂ ਜਾਣੀਆਂ ਸਨ | ਉਹ ਸਾਰੇ ਸਮੇਂ ਸਿਰ ਪੁੱਜ ਗਏ ਪਰ ਜੀ. ਐੱਮ. ਨਹੀਂ ਪੁੱਜੇ | ਉਹ ਆਪਣੇ ਕੰਮਕਾਰ ਛੱਡ ਕੇ ਦੁਪਹਿਰ 2 ਵਜੇ ਤੋਂ 4.30 ਵਜੇ ਤੱਕ ਇੰਤਜ਼ਾਰ ਕਰਦੇ ਰਹੇ ਪਰ ਉਨ੍ਹਾਂ ਨੂੰ ਮਿਲਣ ਲਈ ਅਧਿਕਾਰੀ ਨਹੀਂ ਪੁੱਜੇ | ਜਿਸ ਤੋਂ ਨਿਰਾਸ ਹੋ ਕੇ ਸਾਰਿਆਂ ਨੇ ਰੋਸ ਪ੍ਰਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰੇ ਇਸ ਕਰਕੇ ਹੀ ਫੇਲ ਹੁੰਦੇ ਹਨ ਕਿ ਅਧਿਕਾਰੀ ਲਾਪਰਵਾਹੀ ਵਰਤਦੇ ਹਨ, ਜਿਸ ਕਰਕੇ ਹੀ ਅੱਜ ਬੀ. ਐੱਸ. ਐੱਨ. ਐੱਲ ਨਾਲ ਸਬੰਧਿਤ ਕੰਮਕਾਰ, ਸਮੱਸਿਆਵਾਂ ਤੇ ਹੱਲ ਬਾਰੇ ਕੋਈ ਗੱਲਬਾਤ ਨਹੀਂ ਹੋ ਸਕੀ | ਇਸ ਮੌਕੇ ਜੇਕੇ ਕੇਬਲ ਨੈੱਟਵਰਕ ਡੇਹਲੋਂ, ਗਿੱਲ ਨੈੱਟਵਰਕ ਘਵੱਦੀ, ਗਗਨ ਕੇਬਲ ਨੈੱਟਵਰਕ, ਦੀਪ ਨੈੱਟਵਰਕ ਪਾਇਲ, ਅਮਰਿਤ ਨੈੱਟਵਰਕ ਮਾਜਰਾ, ਮਨੀ ਕੇਬਲ ਨੈੱਟਵਰਕ ਈਸੜੂ, ਅਨੰਤ ਕੇਬਲ ਨੈੱਟਵਰਕ ਖੰਨਾ ਦੋਰਾਹਾ ਆਦਿ ਹਾਜ਼ਰ ਸਨ |