ਚੰਡੀਗੜ੍ਹ, 25 ਫਰਵਰੀ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪ੍ਰਾਪਰਟੀ 'ਤੇ ਪਿਛਲੇ ਦਿਨੀਂ ਬੁਲਡੋਜ਼ਰ ਚਲਾਉਣ ਦਾ ਮਾਮਲਾ ਹੋਰ ਭਖਦਾ ਜਾ ਰਿਹਾ ਹੈ | ਪੰਜਾਬ ਕਾਂਗਰਸ ਦੇ ਵਫ਼ਦ ਵਲੋਂ ਇਸ ਮਾਮਲੇ 'ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਗਿਆ | ਵਫ਼ਦ ਵਿਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਬੀਬੀ ਅਰੁਣਾ ਚੌਧਰੀ ਸ਼ਾਮਿਲ ਸਨ | ਪੰਜਾਬ ਕਾਂਗਰਸ ਦੇ ਉਕਤ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਇਹ ਕਾਰਵਾਈ ਇਸ ਲਈ ਕੀਤੀ ਗਈ, ਕਿਉਂਕਿ ਸੁਖਪਾਲ ਸਿੰਘ ਖਹਿਰਾ ਵਲੋਂ ਰੋਜ਼ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਅਤੇ ਸਰਕਾਰ ਆਪਣੀ ਸਿਆਸੀ ਵਿਰੋਧੀਆਂ ਖ਼ਿਲਾਫ਼ ਅਜਿਹੇ ਹੱਥਕੰਡੇ ਅਪਣਾ ਰਹੀ ਹੈ ਅਤੇ ਇਸ ਮਾਮਲੇ ਦੀ ਰਾਜਪਾਲ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ | ਰਾਜਾ ਵੜਿੰਗ ਨੇ ਕਿਹਾ ਕਿ ਅਜਿਹੇ ਲੱਖਾਂ ਮਾਮਲੇ ਪੰਜਾਬ ਵਿਚ ਪਾਏ ਜਾ ਸਕਦੇ ਹੈ ਪਰ ਪੰਜਾਬ ਸਰਕਾਰ ਵਲੋਂ ਬਿਨਾਂ ਕੋਈ ਨੋਟਿਸ ਭੇਜੇ ਇਸ ਤਰ੍ਹਾਂ ਇਕ ਲੋਕ ਨੁਮਾਇੰਦੇ ਦਾ ਘਰ ਢਾਉਣਾ ਲੋਕਤੰਤਰ ਦੇ ਘਾਣ ਦੇ ਬਰਾਬਰ ਹੈ, ਜਿਸ ਦੀ ਸ਼ਿਕਾਇਤ ਰਾਜਪਾਲ ਨੂੰ ਸੌਂਪੀ ਗਈ ਹੈ | ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਜੇ ਹਰ ਕੰਮ ਵਿਚ ਇਸ ਤਰ੍ਹਾਂ ਫੁਰਤੀ ਦਿਖਾਵੇ ਤਾਂ ਪੰਜਾਬ ਦਾ ਸੁਧਾਰ ਹੋ ਜਾਵੇਗਾ ਪਰ ਸਰਕਾਰ ਸਿਰਫ਼ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਹੀ ਅਜਿਹੀ ਫੁਰਤੀ ਦਿਖਾ ਕੇ ਉਨ੍ਹਾਂ ਦਾ ਨੁਕਸਾਨ ਕਰਨ 'ਤੇ ਲੱਗੀ ਹੋਈ ਹੈ | ਪੰਜਾਬ ਕਾਂਗਰਸ ਦੇ ਆਗੂਆਂ ਨੇ ਰਾਜਪਾਲ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ 'ਚ ਅਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਦੇ ਮਾਮਲੇ 'ਚ ਦਖ਼ਲ ਦੇਣ | ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਐਸ.ਐਸ.ਪੀ. ਖ਼ੁਦ ਮੌਜੂਦ ਸੀ ਅਤੇ 500 ਦੇ ਕਰੀਬ ਪੁਲਿਸ ਵਾਲੇ ਇਸ ਤਰ੍ਹਾਂ ਭੇਜੇ ਗਏ, ਜਿਵੇਂ ਕਿਸੇ ਮੁਜ਼ਰਮ ਨੂੰ ਕਾਬੂ ਕਰਨਾ ਹੋਵੇ |