ਪਟਿਆਲਾ, 25 ਫਰਵਰੀ-ਕਦੇ ਮੇਲਿਆਂ, ਤਿਉਹਾਰਾਂ ਅਤੇ ਪਿੰਡਾਂ ਦੀਆਂ ਸੱਥਾਂ ਦੀ ਰੌਣਕ ਰਹੀ ਕਠਪੁਤਲੀ ਕਲਾ ਅੱਜ ਤਕਨਾਲੋਜੀ ਦੇ ਵਧਦੇ ਪ੍ਰਭਾਵ ਕਾਰਨ ਆਪਣੀ ਪਛਾਣ ਤੋਂ ਵੀ ਮੁਹਤਾਜ ਹੋ ਚੁੱਕੀ ਹੈ | ਡਿਜੀਟਲ ਯੁੱਗ ਵਿਚ ਜਿਥੇ ਮਨੋਰੰਜਨ ਦੇ ਅਨੇਕਾਂ ਸਾਧਨ ਉਪਲਬਧ ਹਨ, ਉਥੇ ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਇਸ ਰਵਾਇਤੀ ਕਲਾ ਨਾਲ ਜਾਣੂ ਵੀ ਨਹੀਂ, ਜਿਸ ਕਲਾ ਨੇ ਕਦੇ ਸਮਾਜ ਨੂੰ ਸਿੱਖਿਆਤਮਕ ਤੇ ਨੈਤਿਕ ਸੁਨੇਹੇ ਦਿੱਤੇ, ਉਹ ਅੱਜ ਅਣਗਹਿਲੀ ਦਾ ਸ਼ਿਕਾਰ ਬਣਦੀ ਨਜ਼ਰ ਆ ਰਹੀ ਹੈ | ਪੁਰਾਣੇ ਸਮਿਆਂ ਵਿਚ ਕਠਪੁਤਲੀ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਸੀ, ਸਗੋਂ ਇਹ ਜਨ-ਜਾਗਰੂਕਤਾ ਦਾ ਪ੍ਰਭਾਵਸ਼ਾਲੀ ਮਾਧਿਅਮ ਵੀ ਰਹੀ ਹੈ | ਜਦੋਂ ਪਿੰਡਾਂ ਵਿਚ ਕਠਪੁਤਲੀ ਦਾ ਡੇਰਾ ਲੱਗਦਾ ਸੀ ਤਾਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਵਿਚ ਖ਼ਾਸ ਉਤਸ਼ਾਹ ਵੇਖਿਆ ਜਾਂਦਾ ਸੀ | ਲੋਕ ਦੇਰ ਰਾਤ ਤੱਕ ਬੈਠ ਕੇ ਰੰਗਮੰਚੀ ਅੰਦਾਜ਼ ਵਿਚ ਪੇਸ਼ ਕੀਤੀਆਂ ਕਹਾਣੀਆਂ ਦਾ ਅਨੰਦ ਮਾਣਦੇ ਸਨ | ਇਤਿਹਾਸਕ ਤੌਰ 'ਤੇ ਰਾਜਿਆਂ ਦੀ ਬਹਾਦਰੀ, ਲੋਕ-ਗਾਥਾਵਾਂ, ਧਾਰਮਿਕ ਕਥਾਵਾਂ ਅਤੇ ਨੈਤਿਕ ਸਿੱਖਿਆ ਨੂੰ ਕਠਪੁਤਲੀਆਂ ਰਾਹੀਂ ਪੇਸ਼ ਕੀਤਾ ਜਾਂਦਾ ਸੀ | ਧਾਗਿਆਂ ਨਾਲ ਚੱਲਣ ਵਾਲੀਆਂ ਪੁਤਲੀਆਂ ਰਾਹੀਂ ਕਹਾਣੀਆਂ ਪੇਸ਼ ਕਰਨਾ ਇਸ ਕਲਾ ਦੀ ਵਿਲੱਖਣ ਪਛਾਣ ਰਹੀ ਹੈ | ਖ਼ਾਸ ਤੌਰ 'ਤੇ ਰਾਜਸਥਾਨ ਵਿਚ ਵਿਕਸਿਤ ਹੋਈ ਇਹ ਪਰੰਪਰਾ ਭਾਰਤੀ ਲੋਕ-ਨਾਟਕ ਦੀ ਅਹਿਮ ਕੜੀ ਮੰਨੀ ਜਾਂਦੀ ਹੈ | ਇਤਿਹਾਸਕਾਰਾਂ ਅਨੁਸਾਰ ਭੱਟ ਭਾਈਚਾਰੇ ਨੇ ਇਸ ਕਲਾ ਨੂੰ ਪੀੜ੍ਹੀ ਦਰ ਪੀੜ੍ਹੀ ਜਿੰਦਾ ਰੱਖਿਆ | ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੀ ਮਸ਼ਹੂਰ ਕਠਪੁਤਲੀ ਕਾਲੋਨੀ ਵੀ ਕਲਾਕਾਰਾਂ ਦਾ ਪ੍ਰਮੁੱਖ ਕੇਂਦਰ ਰਹੀ ਹੈ | ਕਲਾ ਵਿਦਵਾਨਾਂ ਦਾ ਮੰਨਣਾ ਹੈ ਕਿ ਕਠਪੁਤਲੀ ਦੀ ਖੇਡ ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕਤਾ ਅਤੇ ਨੈਤਿਕ ਕਦਰਾਂ ਦੀ ਸਥਾਪਨਾ ਵਿਚ ਸਹਾਇਕ ਸਾਬਤ ਹੁੰਦੇ ਸਨ | ਇਹ ਪ੍ਰਦਰਸ਼ਨ ਲੋਕਾਂ ਨੂੰ ਇਕੱਠਾ ਕਰਕੇ ਸਾਂਝੀ ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ਬਣਾਉਂਦੇ ਸਨ ਪਰ ਮੌਜੂਦਾ ਦੌਰ ਵਿਚ ਮੋਬਾਈਲ ਫ਼ੋਨ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਨੇ ਮਨੋਰੰਜਨ ਦੇ ਢੰਗ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ | ਕਈ ਕਲਾਕਾਰ ਆਰਥਿਕ ਤੰਗੀ ਕਾਰਨ ਹੋਰ ਰੁਜ਼ਗਾਰ ਵੱਲ ਮੁੜ ਰਹੇ ਹਨ | ਸੱਭਿਆਚਾਰਕ ਮਾਹਿਰਾਂ ਅਨੁਸਾਰ ਜੇਕਰ ਸਕੂਲਾਂ, ਕਾਲਜਾਂ ਅਤੇ ਸੱਭਿਆਚਾਰਕ ਮੇਲਿਆਂ ਵਿਚ ਇਸ ਕਲਾ ਨੂੰ ਮੁੜ ਉਤਸ਼ਾਹਿਤ ਕੀਤਾ ਜਾਵੇ ਤਾਂ ਇਹ ਪਰੰਪਰਾ ਫਿਰ ਤੋਂ ਜੀਵਤ ਹੋ ਸਕਦੀ ਹੈ | ਲੋਕ-ਵਿਰਾਸਤ ਦੀ ਇਹ ਅਨਮੋਲ ਧਰੋਹਰ ਸੰਭਾਲ ਦੀ ਮੰਗ ਕਰਦੀ ਹੈ | ਜੇ ਸਮੇਂ ਸਿਰ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਕਠਪੁਤਲੀ ਕਲਾ ਸਿਰਫ਼ ਇਤਿਹਾਸ ਦੀਆਂ ਪੰਨਿਆਂ ਤੱਕ ਸੀਮਤ ਹੋ ਕੇ ਰਹਿ ਜਾਣ ਦਾ ਖ਼ਤਰਾ ਹੈ |