ਪੱਟੀ, 25 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਬੀਤੇ ਦਿਨੀਂ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪਿੰਡ ਸ਼ੇਰੋਂ ਦੇ ਸਿੱਧੂ ਫਾਰਮ ਵਿਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਹਰਬਰਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ | ਇਸ ਹੱਤਿਆਕਾਂਡ ਵਿਚ ਲੋੜੀਂਦੇ ਦੋ ਨੌਜਵਾਨ ਪੱਟੀ ਹਲਕੇ ਦੇ ਪਿੰਡ ਜੱਲੋਕੇ ਨਜ਼ਦੀਕ ਪੁਲਿਸ ਨਾਲ ਮੁਕਾਬਲੇ 'ਚ ਜ਼ਖ਼ਮੀ ਹੋ ਗਏ | ਪਿੰਡ ਜੱਲੋਕੇ ਤੋਂ ਪਿੰਡ ਭਉਵਾਲ ਨੂੰ ਜਾਂਦੀ ਸੜਕ 'ਤੇ ਹੋਏ ਇਸ ਮੁਕਾਬਲੇ ਦੀ ਜਾਣਕਾਰੀ ਦਿੰਦਿਆਂ ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਦਰ ਪੱਟੀ ਦੀ ਪੁਲਿਸ ਅਤੇ ਪੁਲਿਸ ਥਾਣਾ ਸਰਹਾਲੀ ਦੀ ਟੀਮ ਵਲੋਂ ਸ਼ੱਕੀ ਲੋਕਾਂ ਦੀ ਭਾਲ ਲਈ ਗਸ਼ਤ ਕੀਤੀ ਜਾ ਰਹੀ ਸੀ ਤਾਂ ਮੋਟਰਸਾਈਕਲ 'ਤੇ ਸਵਾਰ ਉਕਤ ਦੋਵਾਂ ਦਾ ਸਾਹਮਣਾ ਪੁਲਿਸ ਟੀਮ ਨਾਲ ਹੋ ਗਿਆ, ਜਿਨ੍ਹਾਂ ਨੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ | ਪੁਲਿਸ ਦੀ ਜਵਾਬੀ ਕਾਰਵਾਈ 'ਚ ਦੋਵੇਂ ਜਾਣੇ ਜ਼ਖ਼ਮੀ ਹੋ ਗਏ ਹਨ | ਇਨ੍ਹਾਂ ਪਾਸੋਂ ਦੋ ਪਿਸਤੌਲ, ਇਕ ਨਾਈਨ ਐਮ.ਐਮ. ਅਤੇ ਇਕ .30 ਬੋਰ ਦਾ ਬਰਾਮਦ ਹੋਏ | ਇਹ ਦੋਵੇਂ ਵਿਅਕਤੀ ਰੋਮਨਪ੍ਰੀਤ ਸਿੰਘ ਪੁੱਤਰ ਸੋਨਾ ਵਾਸੀ ਚੋਹਲਾ ਸਾਹਿਬ ਅਤੇ ਅਰਸ਼ਦੀਪ ਸਿੰਘ ਵਾਸੀ ਜਲੰਧਰ ਹਾਲ ਵਾਸੀ ਪਿੰਡ ਘੜਕਾ ਦੱਸੇ ਜਾ ਰਹੇ ਹਨ | ਉਕਤ ਦੋਵਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ | ਐਸ.ਐਸ.ਪੀ. ਤਰਨ ਤਾਰਨ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਇੰਟੈਲੀਜੈਂਸ ਅਤੇ ਏ.ਜੀ.ਟੀ.ਐਫ. ਦੀ ਟੀਮ ਨੇ ਵੀ ਸਾਥ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਸਰਪੰਚ ਹਰਬਰਿੰਦਰ ਸਿੰਘ ਹੱਤਿਆਕਾਂਡ 'ਚ ਸ਼ਾਮਿਲ ਚਾਰ ਵਿਅਕਤੀ ਫੜੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਿਅਕਤੀ ਵੀ ਜਲਦ ਕਾਬੂ ਕਰ ਲਏ ਜਾਣਗੇ |