ਚੰਡੀਗੜ੍ਹ, 5 ਮਾਰਚ (ਸੁਖਵਿੰਦਰ ਸਿੰਘ ਸ਼ਾਨ)- ਸ਼ੁਰੂ ਹੋਈ ਗਰਮ ਰੁੱਤ ਦੌਰਾਨ ਪੰਜਾਬ ਵਿਚ ਤਾਪਮਾਨ ਵਧਣ ਅਤੇ ਗਰਮ ਹਵਾਵਾਂ (ਲੂ) ਚੱਲਣ ਕਾਰਨ ਮੌਸਮੀ ਬਿਮਾਰੀਆਂ 'ਚ ਵਾਧਾ ਹੋਵੇਗਾ, ਜਿਸ ਨਾਲ ਸਿਹਤ ਸੇਵਾਵਾਂ, ਬਿਜਲੀ, ਸ਼ੁੱਧ ਪੀਣ ਵਾਲੇ ਪਾਣੀ ਅਤੇ ਹੋਰ ਜਨਤਕ ਸੇਵਾਵਾਂ ਦੀ ਮੰਗ ਵਧਣ ਦੀ ਪੇਸ਼ਨਿਗੋਈ ਕੀਤੀ ਗਈ ਹੈ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਵਲੋਂ ਗਰਮ ਰੁੱਤ ਦੇ ਮਹੀਨਿਆਂ (ਮਾਰਚ, ਅਪ੍ਰੈਲ, ਮਈ) ਵਿਚ ਤਾਪਮਾਨ, ਮੀਂਹ ਅਤੇ ਸਥਿਤੀ ਬਾਬਤ ਸੂਚਨਾ ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਪੰਜਾਬ ਅਤੇ ਹੋਰਨਾਂ ਰਾਜਾਂ ਵਿਚ ਤਾਪਮਾਨ ਲਗਾਤਾਰ ਵਧੇਗਾ ਅਤੇ ਗਰਮ ਹਵਾਵਾਂ (ਲੂਹ) ਚੱਲਣਗੀਆਂ | ਜਦੋਂ ਕਿ ਇਸ ਸਮੇਂ ਦੌਰਾਨ ਪੰਜਾਬ ਵਿਚ ਮੀਂਹ ਆਮ ਨਾਲੋਂ ਘੱਟ ਹੀ ਬਰਸੇਗਾ | ਇਸ ਸਥਿਤੀ ਵਿਚ ਡਾਕਟਰੀ ਸੇਵਾਵਾਂ, ਪਾਣੀ ਦੇ ਸਾਧਨਾਂ, ਬਿਜਲੀ ਦੀ ਮੰਗ ਅਤੇ ਹੋਰ ਜਨਤਕ ਸੇਵਾਵਾਂ ਦੀ ਬਹੁਤ ਜ਼ਿਆਦਾ ਮੰਗ ਵਧੇਗੀ | ਇਸ ਲਈ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਫ਼ੈਕਟਰੀ ਮਾਲਕਾਂ ਨੂੰ ਗਰਮੀ ਦੀ ਮਾੜੇ ਪ੍ਰਭਾਵ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਗਈ ਹੈ | ਆਮ ਲੋਕਾਂ ਨੂੰ ਲੋੜੀਂਦੀ ਮਾਤਰਾ ਵਿਚ ਪਾਣੀ ਪੀਣ, ਬਹੁਤ ਜ਼ਿਆਦਾ ਗਰਮੀ ਦੌਰਾਨ ਗੈਰ ਵਾਜਬ ਬਾਹਰ ਜਾਣ ਤੋਂ ਪ੍ਰਹੇਜ ਕਰਨ ਸਮੇਤ ਬਜ਼ੁਰਗਾਂ, ਛੋਟੇ ਬੱਚਿਆਂ ਅਤੇ ਰੋਗੀਆਂ ਦਾ ਵਿਸ਼ੇਸ਼ ਧਿਆਨ ਰੱਖਣ ਲਈ ਵੀ ਕਿਹਾ ਗਿਆ ਹੈ |