ਅੰਮਿ੍ਤਸਰ, 6 ਮਾਰਚ (ਸੁਰਿੰਦਰ ਕੋਛੜ)-ਭਾਰਤੀ ਸਿੱਖ ਜਥੇਬੰਦੀ ਨਿਰੋਲ ਸੇਵਾ ਆਰਗੇਨਾਈਜ਼ੇਸ਼ਨ ਵਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਆਰੰਭ ਕਰਕੇ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੰਪੰਨ ਕੀਤਾ ਜਾਣ ਵਾਲਾ ਨਗਰ ਕੀਰਤਨ ਕਰਤਾਰਪੁਰ ਲਾਂਘਾ ਬੰਦ ਹੋਣ ਇਸ ਵਾਰ ਪਾਕਿ ਨਹੀਂ ਪਹੁੰਚ ਸਕਿਆ | ਜਿਸ ਦੇ ਚੱਲਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰਜੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਜ਼ਿਲ੍ਹਾ ਨਾਰੋਵਾਲ ਦੀ ਸਥਾਨਕ ਸੰਗਤ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਸੇਵਾਦਾਰਾਂ ਨੇ ਲਾਂਘੇ ਦੇ ਜ਼ੀਰੋ ਪੁਆਇੰਟ ਨੇੜੇ ਅਰਦਾਸ ਕੀਤੀ | ਇਸ ਮੌਕੇ ਕਰਤਾਰਪੁਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀ. ਐੱਮ. ਯੂ.) ਦੇ ਸੁਪਰਵਾਈਜ਼ਰ ਰਾਣਾ ਕਾਮਰਾਨ, ਗਿਆਨੀ ਚਾਂਦ ਸਿੰਘ, ਸ਼ਿੰਗਾਰਾ ਸਿੰਘ, ਰਾਹੁਲ ਸਿੰਘ, ਭੀਮ ਸਿੰਘ, ਵਿਕਰਮ ਸਿੰਘ, ਬੀਬੀ ਦਲੀਪ ਕੌਰ ਆਦਿ ਹਾਜ਼ਰ ਸਨ | ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਇੰਦਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦੇ ਕਰਤਾਰਪੁਰ ਲਾਂਘੇ ਦੇ ਜ਼ੀਰੋ ਪੁਆਇੰਟ ਵਿਖੇ ਪਹੁੰਚਣ 'ਤੇ ਪਾਕਿ ਸੰਗਤ ਅਤੇ ਪੀ. ਐੱਮ. ਯੂ. ਵਲੋਂ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ, ਪਰ ਲਾਂਘਾ ਬੰਦ ਹੋਣ ਕਰਕੇ ਪਾਕਿ ਸੰਗਤ ਨੂੰ ਦੂਰ ਤੋਂ ਹੀ ਨਗਰ ਕੀਰਤਨ ਦਾ ਸਵਾਗਤ ਕਰਨਾ ਪਿਆ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਸੰਗਤ ਲਈ ਜਲਦੀ ਇਹ ਲਾਂਘਾ ਖੋਲ੍ਹਣਾ ਚਾਹੀਦਾ ਹੈ | ਨਿਰੋਲ ਸੇਵਾ ਆਰਗੇਨਾਈਜ਼ੇਸ਼ਨ ਦੇ ਮੁੱਖ ਸੇਵਾਦਾਰ ਡਾ: ਜਗਦੀਪ ਸਿੰਘ ਸੋਢੀ ਨੇ ਕਿਹਾ ਕਿ ਇਸ ਨਗਰ ਕੀਰਤਨ ਦਾ ਮੁੱਖ ਉਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਹੈ |