ਲੁਧਿਆਣਾ, 6 ਮਾਰਚ (ਜਤਿੰਦਰ ਭੰਬੀ)-ਕੇਂਦਰ ਸਰਕਾਰ ਵਲੋਂ ਰਾਸ਼ਟਰੀ ਖ਼ੁਰਾਕ ਐਕਟ 2013 ਤਹਿਤ ਦੇਸ਼ ਦੇ 82 ਕਰੋੜ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਵੰਡੀ ਜਾਣ ਵਾਲੀ ਕਣਕ ਅਤੇ ਚੌਲ ਰਾਸ਼ਨ ਯੋਜਨਾ ਤਹਿਤ ਹੁਣ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਾਭਪਾਤਰੀਆਂ ਨੂੰ ਅਪ੍ਰੈਲ ਤੋਂ ਜੂਨ ਤੱਕ 3 ਮਹੀਨੇ ਦਾ ਇਕੱਠਾ ਰਾਸ਼ਨ ਦੇਣ ਲਈ ਪੱਤਰ ਜਾਰੀ ਕੀਤਾ ਗਿਆ ਹੈ | ਕੇਂਦਰ ਦੇ ਖਪਤਕਾਰ ਮਾਮਲਿਆਂ ਦੇ ਜਨਤਕ ਵੰਡ ਪ੍ਰਣਾਲੀ ਵਿਭਾਗ ਸਕੱਤਰ ਵਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਮੁੱਖ ਸਕੱਤਰਾਂ ਨੂੰ ਲਿਖੇ ਪੱਤਰ ਅਨੁਸਾਰ ਆਉਣ ਵਾਲੇ ਖ਼ਰੀਦ ਸੀਜ਼ਨ 'ਚ ਅਪ੍ਰੈਲ 2026 ਤੋਂ ਜੂਨ 2026 ਤੱਕ ਦੀ ਤਿੰਨ ਮਹੀਨੇ ਦਾ ਕੋਟਾ ਤੁਰੰਤ ਚੁੱਕਣ ਤੇ ਵੰਡਣ ਦਾ ਆਦੇਸ਼ ਜਾਰੀ ਕੀਤਾ ਗਿਆ | ਇਹ ਮੁਫ਼ਤ ਕੋਟਾ ਜੋ ਕਿ 5 ਕਿੱਲੋ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ, ਜਿਸ ਦੀ ਵੰਡ 6 ਲੱਖ ਡੀਪੂ ਹੋਲਡਰਾਂ ਦੁਆਰਾ ਬਾਇਓ ਮੀਟਰਿਕ ਮਸ਼ੀਨਾਂ ਦੁਆਰਾ ਕੀਤੀ ਜਾਂਦੀ ਹੈ |