ਲੁਧਿਆਣਾ, 6 ਮਾਰਚ (ਪਰਮਿੰਦਰ ਸਿੰਘ ਆਹੂਜਾ)-36ਵਾਂ ਅੰਤਰਰਾਸ਼ਟਰੀ ਮਹਾਂ ਪਵਿੱਤਰ ਤਿੰਨ ਰੋਜ਼ਾ ਗੁਰਮਤਿ ਸਮਾਗਮ 20 ਮਾਰਚ ਤੋਂ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਸਮਾਗਮ ਦੇ ਮੁੱਖ ਪ੍ਰਬੰਧਕ ਅਤੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ 36ਵਾਂ ਅੰਤਰਰਾਸ਼ਟਰੀ ਮਹਾਂ ਪਵਿੱਤਰ ਗੁਰਮਤਿ ਸਮਾਗਮ ਇਸ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਬਾ ਨੰਦ ਸਿੰਘ ਅਤੇ ਬਾਬਾ ਈਸ਼ਰ ਸਿੰਘ ਨੂੰ ਸਮਰਪਿਤ ਹੋਵੇਗਾ | ਇਹ ਸਮਾਗਮ ਇਸ ਵਾਰ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਬਨ ਅਸਟੇਟ ਫੇਜ-2 ਵਿਖੇ ਕਰਵਾਇਆ ਜਾ ਰਿਹਾ ਹੈ, ਜੋ 20 ਮਾਰਚ ਤੋਂ ਸ਼ੁਰੂ ਹੋਵੇਗਾ ਤੇ 22 ਮਾਰਚ ਦੇਰ ਸ਼ਾਮ ਤੱਕ ਚੱਲੇਗਾ | ਸਮਾਗਮ 'ਚ ਸਿੰਘ ਸਾਹਿਬਾਨ, ਸੰਤ ਮਹਾਂਪੁਰਸ਼, ਰਾਗੀ ਢਾਡੀ, ਕੀਰਤਨੀ ਜਥਿਆਂ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਸੰਗਤਾਂ ਹਾਜ਼ਰੀਆਂ ਭਰਨਗੀਆਂ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਵਲੋਂ ਤਿਆਰੀਆਂ ਵਿਚ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ |