ਮੁੱਲਾਂਪੁਰ-ਦਾਖਾ, 6 ਮਾਰਚ (ਨਿਰਮਲ ਸਿੰਘ ਧਾਲੀਵਾਲ)-ਸਿਧਾਂਤਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਬਣੀ ਦੂਰੀ ਬਾਅਦ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ. ਫਰਵਰੀ-ਮਾਰਚ 2027 'ਚ ਹੋਣ ਵਾਲੀ ਵਿਧਾਨ ਸਭਾ ਚੋਣ 'ਚ ਕੀ ਰਣਨੀਤੀ ਅਪਣਾਏਗਾ? ਸਿੱਧੇ ਰੂਪ 'ਚ ਅਜੇ ਕੁਝ ਵੀ ਕਹਿਣਾ ਅਸੰਭਵ ਹੈ, ਪ੍ਰੰਤੂ ਰਾਜਸੀ, ਧਾਰਮਿਕ, ਸਮਾਜਿਕ, ਰਣਨੀਤੀ ਦੇ ਨਾਲ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਖ਼ਤ ਸਟੈਂਡ ਵੇਖ ਸਿਆਸੀ ਤਸਵੀਰ ਵੀ ਸਪੱਸ਼ਟ ਹੋਣ ਲੱਗ ਪਈ ਕਿ ਪੰਥਕ ਸੋਚ ਨੂੰ ਲੈ ਕੇ ਅਕਾਲੀ ਦਲਾਂ 'ਚ ਏਕਤਾ ਦਾ ਹਾਮੀ, ਪ੍ਰੰਤੂ ਅਜਿਹਾ ਨਾ ਹੋਣ 'ਤੇ ਪੰਥਕ ਕੌਂਸਲ ਦੇ ਰਾਜਸੀ ਵਿੰਗ ਨੂੰ ਉਭਾਰਦਿਆਂ ਮਨਪ੍ਰੀਤ ਸਿੰਘ ਇਯਾਲੀ ਪੰਥਕ ਕੌਂਸਲ ਅਤੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਿਚਕਾਰ ਗਠਜੋੜ ਬਾਅਦ ਵੱਡੇ ਕੱਦ ਸਿਆਸੀ ਆਗੂ ਵਜੋਂ ਉੱਭਰ ਸਕਦਾ | ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੇ ਹੁਕਮ ਨੂੰ ਪੱਲੇ ਬੰਨ੍ਹ ਪੰਜਾਬ ਦੀ ਸਿਆਸੀ ਸਰਗਰਮੀ ਵਿਚ ਮੋਹਰੀ ਮਨਪ੍ਰੀਤ ਸਿੰਘ ਇਯਾਲੀ ਜਿਥੇ ਪੰਜਾਬ ਸਰਕਾਰ ਦੀ ਕਿਸਾਨ-ਮਜ਼ਦੂਰ ਵਿਰੋਧੀ ਹਰ ਪਾਲਿਸੀ, ਜਿਵੇਂ ਲੈਂਡ ਪੂਲਿੰਗ ਦਾ ਪੰਜਾਬ ਵਿਧਾਨ ਸਭਾ ਅੰਦਰ ਤਿੱਖਾ ਵਿਰੋਧ ਕੀਤਾ, ਉਥੇ ਕੇਂਦਰ ਸਰਕਾਰ ਦੇ ਊਰਜਾ ਵਿਭਾਗ ਦੇ ਬਿਜਲੀ ਸੋਧ ਬਿੱਲ 2025 ਦਾ ਡਟਵਾਂ ਵਿਰੋਧ ਕਰ ਰਿਹਾ | ਪੰਜਾਬ ਦੀ ਕਿਰਸਾਨੀ ਨਾਲ ਜੁੜੇ ਮਨਪ੍ਰੀਤ ਸਿੰਘ ਇਯਾਲੀ ਵਲੋਂ ਕੇਂਦਰ ਅਤੇ ਰਾਜ ਸਰਕਾਰ ਕੋਲ ਪੰਜਾਬ ਦੇ ਪਾਣੀਆਂ ਦੀ ਤਰਕ ਨਾਲ ਗੱਲ ਹੋ ਰਹੀ ਹੈ, ਇਯਾਲੀ ਦਾ ਕਹਿਣਾ ਕਿ ਪੰਜਾਬ ਕੋਲ ਖੇਤੀ ਹੇਠ ਰਕਬਾ ਵੱਧ ਅਤੇ ਹਰਿਆਣਾ ਕੋਲ ਖੇਤੀ ਹੇਠ ਰਕਬਾ ਘੱਟ ਹੋਣ ਦੇ ਬਾਵਜੂਦ ਵੀ ਦਰਿਆਈ ਪਾਣੀ ਹਰਿਆਣਾ ਨੂੰ ਪੰਜਾਬ ਨਾਲੋਂ ਢਾਈ ਲੱਖ ਏਕੜ ਫੁੱਟ ਵੱਧ ਜਾ ਰਿਹਾ, ਕਿਉਂ! ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ 'ਚ ਮਨਪ੍ਰੀਤ ਸਿੰਘ ਇਯਾਲੀ ਵਲੋਂ ਅਨੁਪੂਰਕ ਮੰਗਾਂ ਪੇਸ਼ ਹੋਣਗੀਆਂ, ਇਜਲਾਸ ਦੌਰਾਨ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਪੂਰਨ ਰਿਹਾਈ ਅਤੇ ਭਾਈ ਜਗਤਾਰ ਸਿੰਘ ਹਵਾਰਾ ਲਈ ਪੈਰੋਲ ਦੇ ਨਾਲ ਐੱਨ.ਐੱਸ.ਏ ਤਹਿਤ ਜੇਲ੍ਹ 'ਚ ਬੰਦ ਸਾਂਸਦ ਅੰਮਿ੍ਤਪਾਲ ਸਿੰਘ, ਹੋਰ ਸਿੰਘਾਂ ਦੀ ਰਿਹਾਈ ਲਈ ਪੱਖ ਰੱਖਿਆ ਜਾਵੇਗਾ |