ਭਵਾਨੀਗੜ੍ਹ, 8 ਮਾਰਚ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਪਿੰਡ ਨਾਗਰਾ ਵਿਖੇ 2 ਵਿਸਵੇ ਥਾਂ ਨੂੰ ਲੈ ਕੇ ਕੁਝ ਵਿਅਕਤੀਆਂ ਵਲੋਂ ਕੀਤੇ ਹਮਲੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ਅਜੀਤ ਸਿੰਘ ਦੇ ਪੁੱਤਰ ਸੰਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਿਚ 2 ਵਿਸਵੇ ਥਾਂ ਖ਼ਰੀਦੀ ਸੀ, ਜਿਸ 'ਤੇ ਪਿੰਡ ਦੇ ਕੁਝ ਵਿਅਕਤੀ ਆਪਣਾ ਹੱਕ ਰੱਖ ਕੇ ਉਸ ਥਾਂ 'ਤੇ ਕਬਜ਼ਾ ਕਰਨਾ ਚਾਹੁਦੇ ਸਨ | ਇਸਨੂੰ ਲੈ ਕੇ ਬੀਤੀ ਦੇਰ ਰਾਤ ਉਨ੍ਹਾਂ ਮੇਰੇ ਚਾਚਾ ਅਜੀਤ ਸਿੰਘ ਦੀ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਉਸਨੂੰ ਮਿ੍ਤਕ ਐਲਾਨ ਦਿੱਤਾ | ਉਨ੍ਹਾਂ ਉਸ ਦੇ ਚਾਚੇ ਦਾ ਕਤਲ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਦੀ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਿ੍ਤਕ ਦੇ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |