ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਹਰਮਹਿੰਦਰ ਪਾਲ)-ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਪ੍ਰੀਤਪਾਲ ਕੌਰ ਦੀ 50 ਲੱਖ ਰੁਪਏ ਰੰਗਸਾਜ਼ੀ ਮੰਗਣ ਦੇ ਇਕ ਮੁਕੱਦਮੇ 'ਚੋਂ ਪੱਕੀ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਹਨ | ਪ੍ਰੀਤਪਾਲ ਕੌਰ ਤੇ ਉਸ ਦਾ ਪਤੀ ਸ਼ਮਸ਼ੇਰ ਸਿੰਘ 26 ਜਨਵਰੀ 2026 ਤੋਂ ਜੇਲ੍ਹ 'ਚ ਬੰਦ ਸਨ | ਪ੍ਰੀਤਪਾਲ ਕੌਰ ਦੇ ਵਕੀਲ ਸੀਨੀਅਰ ਐਡਵੋਕੇਟ ਬਾਬੂ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਸਿਰਫ ਪ੍ਰੀਤਪਾਲ ਕੌਰ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਲਾਈ ਸੀ, ਜਿਸਨੂੰ ਸਵੀਕਾਰ ਕਰਦਿਆਂ ਅਦਾਲਤ ਨੇ 60 ਹਜ਼ਾਰ ਦੇ ਬੇਲਬਾਂਡ ਨਾਲ ਪੱਕੀ ਜ਼ਮਾਨਤ ਦੇ ਹੁਕਮ ਦੇ ਦਿੱਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ 3 ਦਸੰਬਰ 2024 ਨੂੰ ਲਾਗਲੇ ਪਿੰਡ ਦੇ ਇਕ ਅਧਿਆਪਕ ਵਲੋਂ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਕਿ ਉਸ ਨੂੰ ਵਿਦੇਸ਼ੀ ਫ਼ੋਨ ਨੰਬਰ ਤੋਂ 50 ਲੱਖ ਰੁਪਏ ਦੀ ਰੰਗਸਾਜ਼ੀ ਦੇਣ ਦੀ ਤਿੰਨ ਵਾਰ ਧਮਕੀ ਆਈ ਹੈ | ਉਸ ਵੇਲੇ ਪੁਲਿਸ ਨੇ ਇਹ ਮੁਕੱਦਮਾ ਅਣਪਛਾਤਿਆਂ ਖਿਲਾਫ਼ ਦਰਜ ਕੀਤਾ ਸੀ ਅਤੇ ਸਾਲ ਕੁ ਬਾਅਦ ਸ਼ਿਕਾਇਤਕਰਤਾ ਵਲੋਂ 25 ਜਨਵਰੀ 2026 ਨੂੰ ਸ਼ਮਸ਼ੇਰ ਸਿੰਘ ਖਿਲਾਫ਼ ਸ਼ਿਕਾਇਤ ਦਿੱਤੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸ਼ਮਸ਼ੇਰ ਸਿੰਘ ਖਿਲਾਫ਼ ਮੁਕੱਦਮਾ ਦਰਜ ਕੀਤਾ ਲਿਆ | ਪਰ ਉਸ ਤੋਂ ਅਗਲੇ ਦਿਨ ਪੁਲਿਸ ਨੇ ਮੁੜ ਹੋਰ ਮੁਕੱਦਮਾ ਦਰਜ ਕਰਦਿਆਂ ਸ਼ਮਸ਼ੇਰ ਸਿੰਘ ਦੀ ਪਤਨੀ ਪ੍ਰੀਤਪਾਲ ਕੌਰ (ਮਾਤਾ ਗੋਲਡੀ ਬਰਾੜ) ਦੋਹਾਂ ਜੀਆਂ ਨੂੰ ਗਿ੍ਫਤਾਰ ਕਰਕੇ 26 ਜਨਵਰੀ ਨੂੰ ਅਦਾਲਤ 'ਚ ਪੇਸ਼ ਕੀਤਾ | ਜਿੱਥੇ ਅਦਾਲਤ ਨੇ ਦੋਹਾਂ ਨੂੰ ਜੇਲ੍ਹ ਭੇਜ ਦਿੱਤਾ | ਵਕੀਲ ਸਿੱਧੂ ਨੇ ਦੱਸਿਆ ਕਿ ਪ੍ਰੀਤਪਾਲ ਕੌਰ ਦੇ ਖਿਲਾਫ਼ ਕੋਈ ਸਬੂਤ ਨਾ ਮਿਲਣ ਕਾਰਨ ਅਦਾਲਤ ਨੇ ਪ੍ਰੀਤਪਾਲ ਕੌਰ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕੀਤੀ |