ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁਨੀਲ ਜਾਖੜ ਅੱਜ ਵਿਸ਼ੇਸ਼ ਤੌਰ 'ਤੇ ਮੋਗਾ ਵਿਖੇ ਦੁੱਨੇਕੇ ਸਥਿਤ ਭਾਜਪਾ ਦਫ਼ਤਰ ਪੁੱਜੇ | ਜਿੱਥੇ ਪੁੱਜਣ 'ਤੇ ਉਨ੍ਹਾਂ ਦਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਭਾਜਪਾ ਦੇ ਮੁੱਖ ਬੁਲਾਰੇ ਨਿਧੜਕ ਸਿੰਘ ਬਰਾੜ, ਐਸ.ਪੀ. ਮੁਖ਼ਤਿਆਰ ਸਿੰਘ ਸੀਨੀਅਰ ਆਗੂ, ਸ਼ਮਸ਼ੇਰ ਸਿੰਘ ਕੈਲਾ ਸੀਨੀਅਰ ਆਗੂ ਤੇ ਭਾਜਪਾ ਦੀ ਸਮੁੱਚੀ ਮੋਗਾ ਟੀਮ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਜਨਰਲ ਸਕੱਤਰ ਦਿਆ ਸਿੰਘ ਸੋਢੀ, ਭਾਜਪਾ ਦੇ ਕੋਰ ਕਮੇਟੀ ਮੈਂਬਰ ਸਾਬਕਾ ਡੀ.ਜੀ.ਪੀ. ਪਰਮਦੀਪ ਸਿੰਘ ਗਿੱਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਤੋਂ ਪਹਿਲਾਂ ਸੁਨੀਲ ਜਾਖੜ 14 ਮਾਰਚ ਨੂੰ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਸਬੰਧੀ ਜਾਇਜ਼ਾ ਲੈਣ ਵਾਸਤੇ ਵੀ ਗਏ | ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਅੱਜ 'ਆਪ' ਸਰਕਾਰ ਵਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ ਉਹ ਬਿਲਕੁਲ ਹਾਸੋਹੀਣਾ ਤੇ ਪੰਜਾਬ ਅੰਦਰ ਲੋਕਾਂ ਨੂੰ ਗੁਮਰਾਹ ਕਰ ਕੇ ਆਪਣੇ ਵੋਟ ਬੈਂਕ ਨੂੰ ਪੱਕਾ ਕਰਨਾ ਹੈ ਜਦ ਕਿ ਇਸ ਵਿਚ ਕੋਈ ਸੱਚਾਈ ਨਹੀਂ | ਉਨ੍ਹਾਂ ਕਿਹਾ ਕਿ ਆਪ ਦੇ ਕਨਵੀਨਰ ਇਹ ਰਾਗ ਅਲਾਪਦੇ ਰਹੇ ਕਿ ਉਹ ਖ਼ੁਦ ਇਨਕਮ ਟੈਕਸ ਦੇ ਅਫ਼ਸਰ ਰਹੇ ਹਨ | ਇਸ ਲਈ ਉਨ੍ਹਾਂ ਨੂੰ ਇਹ ਪਤਾ ਹੈ ਕਿ ਸੂਬੇ ਨੂੰ ਚਲਾਉਣ ਲਈ ਰੈਵੀਨਿਊ ਕਿੱਥੋਂ ਆਉਣਾ ਹੈ ਪਰ ਹੈਰਤ-ਅੰਗੇਜ਼ ਗੱਲ ਇਹ ਹੈ ਕਿ ਜੇਕਰ ਰੈਵੀਨਿਊ ਆ ਹੀ ਰਿਹਾ ਹੈ ਤਾਂ ਉਹ ਜਾ ਕਿੱਥੇ ਰਿਹਾ ਹੈ | ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਤੋਂ ਪੈਸਾ ਲੈ ਕੇ ਪਿਛਲੇ ਚਾਰ ਸਾਲਾਂ ਤੋਂ ਸੂਬੇ ਨੂੰ ਚਲਾਇਆ ਜਾ ਰਿਹਾ ਹੈ ਤੇ ਹੁਣ ਸਾਲ 2027 ਦੀਆਂ ਚੋਣਾਂ ਤੱਕ ਆਪ ਵਾਲੇ ਪੰਜਾਬ ਦੇ ਲੋਕਾਂ ਸਿਰ ਕਰਜ਼ੇ ਦਾ ਚਿੱਟਾ ਹਾਥੀ ਬੰਨ੍ਹ ਕੇ ਜਾਣਗੇ | ਸੁਨੀਲ ਜਾਖੜ ਨੇ ਕਿਹਾ ਕਿ ਉਹ ਮੋਗਾ ਵਿਖੇ 14 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕੀਤੀ ਜਾ ਰਹੀ ਰੈਲੀ ਦੇ ਸਬੰਧ ਵਿਚ ਆਏ ਹਨ ਤੇ ਮੇਰੀ ਸੂਬੇ ਭਰ ਦੇ ਆਗੂਆਂ ਨੂੰ ਅਪੀਲ ਹੈ ਕਿ ਇਸ ਰੈਲੀ ਵਿਚ ਇਕੱਠ ਨਾ ਕੀਤਾ, ਸਿਰਫ਼ ਤੇ ਸਿਰਫ਼ ਉਹ ਜਾਗਰੂਕ ਆਦਮੀ ਲਿਆਂਦੇ ਜਾਣ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਹਨ | ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿਚ ਭਾਜਪਾ ਸਰਕਾਰ ਆਉਣ 'ਤੇ ਪੰਜਾਬ ਨੂੰ ਵਿਕਾਸ ਪੱਖੋਂ ਮੋਹਰੀ ਸੂਬਾ ਬਣਾਇਆ ਜਾਵੇਗਾ |
ਬਜਟ ਲੋਕਾਂ ਨੂੰ ਗੁਮਰਾਹ ਕਰਨ ਵਾਲਾ-ਸੁਨੀਲ ਜਾਖੜ <br/>
ਅਜੀਤ ਡੈਸਕ
09-03-2026