ਨਵੀਂ ਦਿੱਲੀ, 8 ਮਾਰਚ (ਏਜੰਸੀ)-ਉਦਯੋਗ ਅਧਿਕਾਰੀਆਂ ਅਤੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਰਤੀ ਰਿਫਾਇਨਰ ਕੰਪਨੀਆਂ ਨੇ ਅਮਰੀਕਾ, ਰੂਸ ਅਤੇ ਪੱਛਮੀ ਅਫ਼ਰੀਕਾ ਤੋਂ ਵਾਧੂ ਕੱਚੇ ਮਾਲ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੱਧ ਪੂਰਬ 'ਚ ਸੰਘਰਸ਼ ਦੇ ਲੰਬੇ ਸਮੇਂ ਤੱਕ ਚੱਲਣ ਦੀ ਸਥਿਤੀ 'ਚ ਸਪਲਾਈ ਢੁੱਕਵੀਂ ਬਣੀ ਰਹੇ | ਉਨ੍ਹਾਂ ਨੇ ਕਿਹਾ ਕਿ ਕੱਚੇ ਤੇਲ ਨੂੰ ਪੈਟਰੋਲ ਅਤੇ ਡੀਜ਼ਲ ਵਰਗੇ ਬਾਲਣਾਂ 'ਚ ਬਦਲਣ ਵਾਲੀਆਂ ਰਿਫ਼ਾਇਨਰੀਆਂ ਨੇ ਯੋਜਨਾਬੱਧ ਰੱਖ-ਰਖਾਅ ਬੰਦ ਕਰਨ ਨੂੰ ਟਾਲ ਦਿੱਤਾ ਹੈ ਅਤੇ ਆਮ ਪ੍ਰੋਸੈਸਿੰਗ ਦਰਾਂ ਨੂੰ ਬਣਾਈ ਰੱਖਿਆ ਹੈ ਤਾਂ ਜੋ ਬਫ਼ਰ ਭੰਡਾਰ ਬਣਾਇਆ ਜਾ ਸਕੇ ਅਤੇ ਨੇੜ ਭਵਿੱਖ 'ਚ ਦੇਸ਼ ਦੀ ਜ਼ਰੂਰਤ ਨੂੰ ਪੂਰਾ ਕਰ ਸਕਣ | ਭਾਰਤ ਆਪਣੀ ਕੱਚੇ ਤੇਲ ਦੀ ਜ਼ਰੂਰਤ ਦਾ ਲਗਭਗ 88 ਪ੍ਰਤੀਸ਼ਤ ਦਰਾਮਦ ਕਰਦਾ ਹੈ, ਜਿਸ 'ਚੋਂ ਕਰੀਬ ਅੱਧੀ ਸਪਲਾਈ ਫਰਵਰੀ 'ਚ ਸਟ੍ਰੇਟ ਆਫ਼ ਹੋਰਮੁਜ਼ 'ਚੋਂ ਲੰਘੀ, ਜੋ ਈਰਾਨ ਅਤੇ ਓਮਾਨ ਵਿਚਕਾਰ ਤੰਗ ਸਮੁੰਦਰੀ ਰਸਤਾ ਹੈ ਤੇ ਵਿਸ਼ਵ ਬਾਜ਼ਾਰਾਂ ਲਈ ਇਕ ਮੁੱਖ ਊਰਜਾ ਆਵਾਜਾਈ ਸਰੋਤ ਹੈ | ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਾਲੇ ਸੰਘਰਸ਼ ਨਾਲ ਰਣਨੀਤਕ ਜਲ ਮਾਰਗ ਰਾਹੀਂ ਟੈਂਕਰਾਂ ਦੀ ਆਵਾਜਾਈ ਲਗਪਗ ਬੰਦ ਹੋ ਗਈ ਹੈ | ਤੇਲ ਮੰਤਰਾਲੇ ਦੇ ਇਕ ਉਚ ਸੂਤਰ ਨੇ ਕਿਹਾ ਕਿ ਗੈਰ-ਸਟ੍ਰੇਟ ਸਰੋਤ ਪੂਰੀ ਤਰ੍ਹਾਂ ਕਾਰਜਸ਼ੀਲ ਹਨ ਅਤੇ ਅਸੀਂ ਗੈਰ-ਸਟ੍ਰੇਟ ਖੇਤਰਾਂ ਤੋਂ ਵੱਧ ਤੋਂ ਵੱਧ ਸਪਲਾਈ ਪ੍ਰਾਪਤ ਕਰ ਰਹੇ ਹਾਂ | ਗੈਰ-ਸਟ੍ਰੇਟ ਸਰੋਤਾਂ ਨੇ 2025 'ਚ ਸਪਲਾਈ ਦਾ 60 ਪ੍ਰਤੀਸ਼ਤ ਹਿੱਸਾ ਪਾਇਆ ਸੀ ਜੋ ਮੱਧ ਪੂਰਬ 'ਚ ਟਕਰਾਅ ਤੋਂ ਬਾਅਦ 70 ਪ੍ਰਤੀਸ਼ਤ ਤੱਕ ਵੱਧ ਗਿਆ | ਉਨ੍ਹਾਂ ਕਿਹਾ ਕਿ ਭਾਰਤੀ ਰਿਫ਼ਾਇਨਰ ਪੱਛਮੀ ਅਫ਼ਰੀਕਾ, ਲਾਤੀਨੀ ਅਮਰੀਕਾ ਅਤੇ ਅਮਰੀਕਾ ਤੋਂ ਕੱਚਾ ਤੇਲ ਲਿਆ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕੀ ਖਜ਼ਾਨਾ ਵਿਭਾਗ ਵਲੋਂ ਰੂਸੀ ਤੇਲ ਲਈ 30 ਦਿਨਾਂ ਦੀ ਛੋਟ ਜਾਰੀ ਕਰਕੇ ਇਕ ਹੋਰ ਰਸਤਾ ਖੁੱਲ ਗਿਆ ਹੈ | ਉਦਯੋਗ ਸੂਤਰਾਂ ਨੇ ਕਿਹਾ ਕਿ ਭਾਰਤੀ ਰਿਫਾਇਨਰਾਂ ਨੇ ਰੂਸੀ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਹੈ |