ਕੈਨੇਡਾ ਤੋਂ 2 ਲੋੜੀਂਦੇ ਅਪਰਾਧੀਆਂ ਨੰੂ ਵਾਪਸ ਕਰਵਾਉਣ ਲਈ ਕਾਰਵਾਈ ਤੇਜ਼
ਸੰਗਰੂਰ, 10 ਮਾਰਚ (ਸੁਖਵਿੰਦਰ ਸਿੰਘ ਫੁੱਲ)-ਐਲ.ਕੇ. ਯਾਦਵ, ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ, ਪੰਜਾਬ (ਡੀ.ਜੀ.ਪੀ.) ਨੇ ਜ਼ਿਲ੍ਹਾ ਸੰਗਰੂਰ ਵਿਖੇ ਵੱਖ ਵੱਖ ਪੁਲਿਸ ਨਾਕਿਆਂ ਅਤੇ ਥਾਣਿਆਂ ਦੀ ਚੈਕਿੰਗ ਕਰਨ ਉਪਰੰਤ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਰਤਾਜ ਸਿੰਘ ਚਾਹਲ, ਐਸ.ਐਸ.ਪੀ. ਸੰਗਰੂਰ ਦੀ ਦੇਖਰੇਖ ਹੇਠ ਪੁਲਿਸ ਵਲੋਂ ਦੋ ਮੁੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸ੍ਰੀ ਯਾਦਵ ਨੇ ਦੱਸਿਆ ਕਿ ਦੁਨੀਆ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸੰਗਠਿਤ ਅਪਰਾਧ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਸਹਿਯੋਗ ਵਧਾ ਰਹੀਆਂ ਹਨ | ਇਸ ਵਿਚ ਇੰਟਰਪੋਲ ਰੈਫਰੈਂਸ, ਨੋਟਿਸ, ਐਕਸਟਰਡੀਸ਼ਨ ਪ੍ਰਕਿਰਿਆ ਅਤੇ ਵਿਸ਼ੇਸ਼ ਟਾਸਕ ਫੋਰਸਾਂ ਜਿਵੇਂ ਕਿ ਓਵਰਸੀਜ਼ ਫਿਊਜ਼ਿਟਿਵ ਟਰੈਕਿੰਗ ਐਂਡ ਵਤਨ ਵਾਪਸੀ ਸੈੱਲ ਦੀ ਮਹੱਤਵਪੂਰਨ ਭੂਮਿਕਾ ਹੈ | ਇੰਟਰਪੋਲ, ਰੈੱਡ ਅਤੇ ਬਲੂ ਨੋਟਿਸ ਰਾਹੀਂ ਤੇਜ਼ੀ ਨਾਲ ਜਾਣਕਾਰੀ ਸਾਂਝੀ ਕਰਦਾ ਹੈ, ਜਿਸ ਨਾਲ ਵੱਖ-ਵੱਖ ਅਪਰਾਧਾਂ ਵਿਚ ਸ਼ਾਮਿਲ ਭਗੌੜਿਆਂ ਦੀ ਪਛਾਣ ਅਤੇ ਪਤਾ ਲਗਾਉਣ ਵਿਚ ਮਦਦ ਮਿਲਦੀ ਹੈ | ਇਕ ਮਾਮਲੇ ਵਿਚ ਮਨਪ੍ਰੀਤ ਸਿੰਘ ਵਾਸੀ ਬਸਲੀਪੁਰ ਗੋਲਾ ਖੇੜੀ, ਉੱਤਰ ਪ੍ਰਦੇਸ਼, ਜੋ ਕਿ ਕੈਨੇਡਾ ਵਿਚ ਅਮਨਪ੍ਰੀਤ ਕੌਰ ਸੈਣੀ ਦੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਵਿਚ ਲੋੜੀਂਦਾ ਸੀ, ਕੈਨੇਡਾ ਤੋਂ ਅਪਰਾਧ ਕਰਨ ਤੋਂ ਬਾਅਦ ਭੱਜ ਕੇ ਭਾਰਤ ਆ ਗਿਆ ਸੀ | ਇਸ ਸਬੰਧੀ ਇੰਦਰਜੀਤ ਸਿੰਘ ਵਾਸੀ ਸੰਗਰੂਰ ਦੇ ਬਿਆਨ ਦੇ ਆਧਾਰ 'ਤੇ 14 ਜਨਵਰੀ ਨੰੂ ਧਾਰਾ 333, 351(3), 79 ਬੀ.ਐਨ.ਐਸ. ਅਤੇ 67-1, 66-3 ਆਈ.ਟੀ. ਐਕਟ ਥਾਣਾ ਸਾਇਬਰ ਕ੍ਰਾਈਮ ਸੰਗਰੂਰ ਵਿੱਚ ਰਿਪੋਰਟ ਦਰਜ ਕੀਤੀ ਗਈ ਤੇ ਦੋਸ਼ੀ ਮਨਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਇੰਦਰਜੀਤ ਸਿੰਘ ਦੇ ਬਿਆਨ ਅਨੁਸਾਰ ਦੋਸ਼ੀ ਮਨਪ੍ਰੀਤ ਸਿੰਘ ਨਾਇਗਰਾ ਰੀਜਨਲ ਪੁਲਿਸ ਸਰਵਿਸ ਵਲੋਂ ਉਸ ਦੀ ਧੀ ਅਮਨਪ੍ਰੀਤ ਕੌਰ ਸੈਣੀ ਦੇ ਦੂਜੇ ਦਰਜੇ ਦੇ ਕਤਲ ਦੇ ਮਾਮਲੇ ਵਿਚ ਵੀ ਲੋੜੀਂਦਾ ਸੀ | ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇੰਟਰਪੋਲ ਰੈਫਰੈਂਸ ਰਾਹੀਂ ਕੈਨੇਡਾ ਦੀਆਂ ਸੰਬੰਧਿਤ ਅਥਾਰਟੀਆਂ ਨੂੰ ਦੋਸ਼ੀ ਦੀ ਵਾਪਸ ਭੇਜਣ ਜਾਂ ਅਸਥਾਈ ਗਿ੍ਫ਼ਤਾਰੀ ਲਈ ਕਾਰਵਾਈ ਸ਼ੁਰੂ ਕਰਨ ਦੀ ਬੇਨਤੀ ਭੇਜੀ ਗਈ ਹੈ | ਚਾਰ ਵਿਅਕਤੀਆਂ ਸਮੇਤ ਜਸਵੰਤ ਸਿੰਘ ਖ਼ਿਲਾਫ਼ ਦਰਜ ਕੀਤਾ ਗਿਆ ਸੀ | ਲੰਬੀ ਕਾਨੂੰਨੀ ਕਾਰਵਾਈ ਤੋਂ ਬਾਅਦ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੇ 23.08.2024 ਨੂੰ ਜਸਵੰਤ ਸਿੰਘ ਅਤੇ ਹੋਰ ਸਾਥੀ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਤੇ ਸਜ਼ਾ ਦੀ ਮਿਆਦ ਨਿਰਧਾਰਤ ਕਰਨ ਲਈ ਮਾਮਲਾ ਮੁਲਤਵੀ ਕਰ ਦਿੱਤਾ | ਇਸ ਦੌਰਾਨ ਜਸਵੰਤ ਸਿੰਘ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਦੇਸ਼ ਤੋਂ ਭੱਜ ਗਿਆ | ਇਸ ਮਾਮਲੇ ਵਿਚ ਇੱਕ ਐਸ.ਆਈ.ਟੀ. ਦਾ ਗਠਨ ਕੀਤਾ ਗਿਆ, ਜਿਸ ਵਿਚ ਡੀ.ਐਸ.ਪੀ. ਸੰਗਰੂਰ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ | ਪੰਜਾਬ ਪੁਲਿਸ ਦੇ ਯਤਨਾਂ ਨਾਲ ਭਗੌੜੇ ਦੋਸ਼ੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ | ਇਸ ਦੇ ਨਾਲ ਹੀ ਕੈਨੇਡਾ ਵਿਚ ਦੋਸ਼ੀ ਦੀ ਮੌਜੂਦਗੀ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਸੰਪਰਕ ਕੀਤਾ ਗਿਆ, ਤਾਂ ਜੋ ਉਸ ਦੀ ਵਾਪਸ ਭੇਜਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ |
ਇੰਟਰਪੋਲ ਦੀ ਮਦਦ ਪੰਜਾਬ ਪੁਲਿਸ ਲਈ ਹੋ ਰਹੀ ਹੈ ਲਾਹੇਵੰਦ -ਡੀ.ਜੀ.ਪੀ. ਯਾਦਵ
ਅਜੀਤ ਡੈਸਕ
11-03-2026