ਮਟਰ, ਆਲੂ ਦੀ ਖੇਤੀ ਨੇ ਕਿਸਾਨਾਂ ਦਾ ਲੱਕ ਤੋੜਿਆ
ਮੱਲਾਂਵਾਲਾ, 10 ਮਾਰਚ (ਬਲਬੀਰ ਸਿੰਘ ਜੋਸਨ)-ਪੰਜਾਬ ਦੇ ਕਿਸਾਨਾਂ ਵਲੋਂ 2025-2026 ਸਾਲ ਦੌਰਾਨ ਖੇਤਾਂ 'ਚ ਬੀਜੀਆਂ ਗਈਆਂ ਮੌਸਮੀ ਖੇਤੀ ਫਸਲਾਂ ਨੇ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਹੀ ਫੇਰ ਦਿੱਤਾ ਹੈ ਅਤੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿਚ ਕੌਡੀਆਂ ਦੇ ਭਾਅ ਵਿਕ ਰਹੀਆਂ ਹਨ | ਅਚਾਨਕ ਵਧੀ ਗਰਮੀ ਅਤੇ ਮੰਡੀਆਂ ਵਿਚ ਢੰਗ ਦਾ ਭਾਅ ਨਾ ਮਿਲਣ ਕਾਰਨ ਇਸ ਵਾਰ ਵੀਂ ਕਿਸਾਨਾਂ ਦੀਆਂ ਜੇਬਾਂ ਖਾਲੀ ਹੀ ਰਹਿ ਗਈਆਂ ਹਨ | ਪੰਜਾਬ 'ਚ ਪੈ ਰਹਿ ਭਾਰੀ ਗਰਮੀ ਨੇ ਕਿਸਾਨਾਂ ਦੇ ਖੇਤਾਂ 'ਚ ਬੀਜੀ ਮਟਰ ਦੀ ਫਸਲ ਨੇ ਇਸ ਵਾਰ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ | ਇੱਥੋਂ ਤੱਕ ਕਿ ਕਿਸਾਨਾਂ ਵਲੋਂ ਮਟਰ ਦੀ ਤੁੜਾਈ ਦੇ ਵੀ ਪੈਸੇ ਆਪਣੀ ਜੇਬ ਵਿਚੋਂ ਦਿੱਤੇ ਜਾ ਰਹੇ ਹਨ | ਮੰਡੀਆਂ ਵਿਚ ਕਿਸਾਨਾਂ ਦੇ ਮਟਰ ਦੀ ਫਸਲ ਦਾ ਕੋਈ ਵੀ ਖ਼ਰੀਦਦਾਰ ਨਾ ਹੋਣ ਕਾਰਨ ਕੌਡੀਆਂ ਦੇ ਭਾਅ ਮਟਰ ਵਿਕ ਰਹੇ ਹਨ ਅਤੇ ਕਿਸਾਨਾਂ ਵਲੋਂ ਖੇਤਾਂ 'ਚ ਖੜੀ ਮਟਰ ਦੀ ਆਪਣੀ ਫਸਲ ਖੇਤਾਂ ਵਿਚ ਹੀ ਵਾਹੁਣੀ ਪੈ ਰਹੀ ਹੈ | ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਅਨਾਰਕਲੀ ਦੇ ਕਿਸਾਨ ਵਰਿੰਦਰ ਸਿੰਘ ਜੋਸਨ ਦਾ ਕਹਿਣਾ ਹੈ ਕਿ ਬਹੁਤ ਸਾਰੇ ਕਿਸਾਨਾਂ ਵਲੋਂ 1 ਏਕੜ ਤੋਂ ਲੈ ਕੇ 10 ਏਕੜ ਤੋਂ ਵਧੇਰੇ ਖੇਤਾਂ 'ਚ ਮਟਰ ਦੀ ਖੇਤੀ ਕੀਤੀ ਸੀ, ਪਰ ਅਚਾਨਕ ਪਈ ਭਾਰੀ ਗਰਮੀ ਕਾਰਨ ਮਟਰ ਦੀ ਫਸਲ ਦਾ ਭਾਰੀ ਨੁਕਸਾਨ ਹੋ ਗਿਆ ਹੈ | ਭਾਰੀ ਗਰਮੀ ਕਾਰਨ ਜ਼ਿਆਦਾਤਰ ਖੇਤਾਂ ਵਿਚ ਮਟਰ ਦੀਆਂ ਫਲੀਆਂ ਸੁੱਕ ਗਈਆਂ ਤੇ ਬੂਟੇ ਖ਼ਰਾਬ ਹੋ ਗਏ ਹਨ | ਇਸ ਕਾਰਨ ਕਈ ਕਿਸਾਨ ਮਜਬੂਰੀ ਵਿਚ ਆਪਣੀ ਫਸਲ ਨੂੰ ਖੇਤਾਂ ਵਿਚ ਹੀ ਵਾਹੁਣ ਲਈ ਮਜਬੂਰ ਹੋ ਰਹੇ ਹਨ | ਕਿਸਾਨ ਸੁਬੇਗ ਸਿੰਘ, ਮਲਕੀਤ ਸਿੰਘ, ਸਰਵਣ ਸਿੰਘ ਨੇ ਦੱਸਿਆ ਕਿ ਮਟਰ ਦੀ ਫਸਲ ਕਿਸਾਨ ਮੰਡੀਆਂ ਵਿਚ ਲੈ ਕੇ ਜਾ ਰਹੇ ਹਨ | ਉਨ੍ਹਾਂ ਨੂੰ ਵੀ ਢੰਗ ਦਾ ਭਾਅ ਨਹੀਂ ਮਿਲ ਰਿਹਾ | ਉਧਰ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਗਰਮੀ ਦਾ ਪ੍ਰਭਾਵ ਬਣਿਆ ਰਿਹਾ ਤਾਂ ਕਣਕ ਦੀ ਫਸਲ ਦੇ ਝਾੜ 'ਤੇ ਵੀ ਇਸਦਾ ਅਸਰ ਪੈ ਸਕਦਾ ਹੈ | ਜੇਕਰ ਦੂਜੇ ਪਾਸੇ ਮੱਕੀ ਦੀ ਗੱਲ ਕਰੀਏ ਤਾਂ ਕਿਸਾਨ ਮੱਕੀ ਦੀ ਖੇਤੀ ਨੂੰ ਲੈ ਕੇ ਵੀ ਚਿੰਤਤ ਹਨ | ਮੰਡੀਆਂ ਵਿਚ ਮੱਕੀ ਦੀ ਕੀਮਤ ਡਿੱਗਣ ਦੇ ਸੰਕੇਤ ਮਿਲ ਰਹੇ ਹਨ | ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਸੂਬਾ ਮੀਤ ਪ੍ਰਧਾਨ ਚਮਕੌਰ ਸਿੰਘ ਉਸਮਾਨ ਵਾਲਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਅਤੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਟਰ ਅਤੇ ਆਲੂ ਦੀ ਫਸਲ ਦੇ ਨੁਕਸਾਨ ਦਾ ਜਾਇਜ਼ਾ ਲੈ ਕੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ |
ਗਰਮੀ ਦੇ ਕਹਿਰ ਕਾਰਨ ਖੇਤਾਂ 'ਚ ਹੀ ਵਾਹੁੁਣੀ ਪਈ ਕਿਸਾਨਾਂ ਨੂੰ ਮਟਰ ਦੀ ਫਸਲ
ਫਿਰੋਜ਼ਪੁਰ ਦੇ ਪਿੰਡ ਅਨਾਰਕਲੀ ਦੇ ਖੇਤਾਂ 'ਚ ਮਟਰ ਦੀ ਫਸਲ ਨੂੰ ਟਰੈਕਟਰ ਨਾਲ ਵਾਹ ਰਿਹਾ ਕਿਸਾਨ ਤੇ ਗਰਮੀ ਕਾਰਨ ਕਣਕ ਦਾ ਸੁੱਕ ਰਿਹਾ ਸਿੱਟਾ | ਅਜੀਤ ਤਸਵੀਰ <br/>
11-03-2026