ਤੇਲ ਦੀਆਂ ਵਧਾਈਆਂ ਕੀਮਤਾਂ, ਸਕੂਲ ਬੰਦ, ਮੰਤਰੀਆਂ ਦੀਆਂ ਤਨਖ਼ਾਹਾਂ ਅਤੇ ਵਿਦੇਸ਼ੀ ਯਾਤਰਾਵਾਂ ਰੁਕੀਆਂ
ਅੰਮਿ੍ਤਸਰ, 10 ਮਾਰਚ (ਸੁਰਿੰਦਰ ਕੋਛੜ)-ਈਰਾਨ 'ਚ ਚੱਲ ਰਹੇ ਟਕਰਾਅ ਅਤੇ ਸਮੁੰਦਰੀ ਮਾਰਗਾਂ 'ਤੇ ਵਧ ਰਹੇ ਸੁਰੱਖਿਆ ਖ਼ਤਰਿਆਂ ਦੇ ਵਿਚਕਾਰ ਪਾਕਿਸਤਾਨ ਨੇ ਆਪਣੇ ਵਪਾਰੀ ਜਹਾਜ਼ਾਂ ਅਤੇ ਊਰਜਾ ਸਪਲਾਈ ਦੀ ਰੱਖਿਆ ਲਈ ਇਕ ਵੱਡਾ ਕਦਮ ਚੁੱਕਦਿਆਂ ਆਪ੍ਰੇਸ਼ਨ 'ਮੁਹਾਫਿਜ਼-ਉਲ-ਬਹਿਰ' ਸ਼ੁਰੂ ਕੀਤਾ ਹੈ, ਜਿਸ ਦੇ ਤਹਿਤ ਪਾਕਿ ਜਲ ਸੈਨਾ ਦੇ ਜੰਗੀ ਜਹਾਜ਼ਾਂ ਦੁਆਰਾ ਦੇਸ਼ ਦੇ ਵਪਾਰੀ ਜਹਾਜ਼ਾਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ | ਪਾਕਿਸਤਾਨ ਜਲ ਸੈਨਾ ਦੇ ਅਨੁਸਾਰ ਇਹ ਕਾਰਵਾਈ ਖੇਤਰ 'ਚ ਬਦਲਦੀ ਸਮੁੰਦਰੀ ਸੁਰੱਖਿਆ ਸਥਿਤੀ ਅਤੇ ਮਹੱਤਵਪੂਰਨ ਸਮੁੰਦਰੀ ਮਾਰਗਾਂ ਲਈ ਸੰਭਾਵੀ ਖ਼ਤਰਿਆਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਹੈ | ਇਸ ਦਾ ਉਦੇਸ਼ ਪਾਕਿ ਦੀ ਊਰਜਾ ਸਪਲਾਈ ਅਤੇ ਸਮੁੰਦਰੀ ਵਪਾਰ ਤੱਕ ਨਿਰਵਿਘਨ ਪਹੁੰਚ ਬਣਾਈ ਰੱਖਣਾ ਹੈ | ਜਲ ਸੈਨਾ ਦੇ ਅਨੁਸਾਰ ਇਹ ਐਸਕਾਰਟ ਆਪ੍ਰੇਸ਼ਨ ਪਾਕਿਸਤਾਨ ਨੈਸ਼ਨਲ ਸ਼ਿਪਿੰਗ ਕਾਰਪੋਰੇਸ਼ਨ (ਪੀ. ਐੱਨ. ਐੱਸ. ਸੀ.) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ | ਵਰਤਮਾਨ 'ਚ ਪਾਕਿਸਤਾਨ ਜਲ ਸੈਨਾ ਦੇ ਜਹਾਜ਼ ਦੋ ਵਪਾਰੀ ਜਹਾਜ਼ਾਂ ਨੂੰ ਸੁਰੱਖਿਅਤ ਕਰ ਰਹੇ ਹਨ, ਜਿਨ੍ਹਾਂ 'ਚੋਂ ਇਕ ਕਰਾਚੀ ਪਹੁੰਚਣ ਵਾਲਾ ਹੈ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਕਿ ਆਪਣੀਆਂ ਊਰਜਾ ਜ਼ਰੂਰਤਾਂ ਲਈ ਖਾੜੀ ਦੇਸ਼ਾਂ 'ਤੇ ਬਹੁਤ ਜ਼ਿਆਦਾ ਨਿਰਭਰ ਹੈ ਅਤੇ ਇਸ ਦਾ ਲਗਭਗ 90 ਫ਼ੀਸਦੀ ਵਪਾਰ ਸਮੁੰਦਰੀ ਮਾਰਗਾਂ ਰਾਹੀਂ ਹੁੰਦਾ ਹੈ | ਨਤੀਜੇ ਵਜੋਂ, ਖੇਤਰੀ ਟਕਰਾਅ ਕਾਰਨ ਤੇਲ ਟੈਂਕਰ ਆਵਾਜਾਈ 'ਚ ਵਿਘਨ ਪੈਣ ਦਾ ਖ਼ਤਰਾ ਵਧ ਗਿਆ ਹੈ | ਇਸ ਕਾਰਨ ਕਰਕੇ ਪਾਕਿ ਸਰਕਾਰ ਨੇ ਕਈ ਬਾਲਣ-ਬਚਤ ਉਪਾਅ ਵੀ ਕੀਤੇ ਹਨ | ਪਾਕਿਸਤਾਨੀ ਜਲ ਸੈਨਾ ਨੇ ਕਿਹਾ ਹੈ ਕਿ ਉਹ ਸਮੁੰਦਰੀ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ ਅਤੇ ਰਾਸ਼ਟਰੀ ਸ਼ਿਪਿੰਗ, ਊਰਜਾ ਸਪਲਾਈ ਅਤੇ ਖੇਤਰੀ ਸਮੁੰਦਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ | ਦੂਜੇ ਪਾਸੇ, ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਐਲਾਨ ਕੀਤਾ ਹੈ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਜਵਾਬ 'ਚ ਲਾਗਤ ਘਟਾਉਣ ਦੀ ਯੋਜਨਾ ਦੇ ਤਹਿਤ ਸਰਕਾਰੀ ਦਫ਼ਤਰ ਹਫ਼ਤੇ 'ਚ ਸਿਰਫ਼ 4 ਦਿਨ ਖੁੱਲ੍ਹੇ ਰਹਿਣਗੇ ਅਤੇ ਅੱਧੇ ਕਰਮਚਾਰੀ ਘਰੋਂ ਕੰਮ ਕਰਨਗੇ | ਇਸ ਹਫ਼ਤੇ ਦੇ ਅੰਤ ਤੋਂ ਸਕੂਲ ਦੋ ਹਫ਼ਤਿਆਂ ਲਈ ਬੰਦ ਰਹਿਣਗੇ | ਪਾਕਿ ਮੀਡੀਆ ਰਿਪੋਰਟਾਂ ਮੁਤਾਬਿਕ ਮੰਤਰੀਆਂ ਅਤੇ ਸਲਾਹਕਾਰਾਂ ਦੇ ਵਿਦੇਸ਼ੀ ਦੌਰੇ ਰੋਕ ਦਿੱਤੇ ਗਏ ਹਨ | ਮੰਤਰੀਆਂ ਨੂੰ ਦੋ ਮਹੀਨਿਆਂ ਲਈ ਤਨਖ਼ਾਹਾਂ ਨਹੀਂ ਮਿਲਣਗੀਆਂ ਅਤੇ ਸੰਸਦ ਮੈਂਬਰਾਂ ਨੂੰ 25 ਫ਼ੀਸਦੀ ਤਨਖ਼ਾਹਾਂ 'ਚ ਕਟੌਤੀ ਦਾ ਸਾਹਮਣਾ ਕਰਨਾ ਪਵੇਗਾ | ਇਸ ਦੌਰਾਨ ਪਾਕਿ 'ਚ ਸਰਕਾਰੀ ਗੱਡੀਆਂ ਨੂੰ ਹੁਣ ਦੋ ਮਹੀਨਿਆਂ ਲਈ 50 ਫ਼ੀਸਦੀ ਘੱਟ ਬਾਲਣ ਮਿਲੇਗਾ ਅਤੇ 60 ਫ਼ੀਸਦੀ ਸਰਕਾਰੀ ਗੱਡੀਆਂ ਨਹੀਂ ਚੱਲਣਗੀਆਂ | ਸਾਰੇ ਸਰਕਾਰੀ ਵਿਭਾਗ ਆਪਣੇ ਖ਼ਰਚਿਆਂ 'ਚ 20 ਫ਼ੀਸਦੀ ਦੀ ਕਟੌਤੀ ਕਰਨਗੇ | ਸ਼ਰੀਫ਼ ਨੇ ਕਿਹਾ ਕਿ ਅਮਰੀਕਾ-ਇਜ਼ਰਾਈਲ-ਈਰਾਨ ਟਕਰਾਅ ਕਾਰਨ ਕੱਚੇ ਤੇਲ ਦੀ ਕੀਮਤ 60 ਡਾਲਰ ਤੋਂ ਵੱਧ ਕੇ 100 ਡਾਲਰ ਪ੍ਰਤੀ ਬੈਰਲ ਹੋ ਗਈ ਹੈ, ਜਿਸ ਕਾਰਨ ਇਹ ਫ਼ੈਸਲੇ ਲਏ ਗਏ ਹਨ | ਪਾਕਿ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਭਗ 20 ਫ਼ੀਸਦੀ ਦਾ ਵਾਧਾ ਕੀਤਾ ਹੈ |
ਈਰਾਨ 'ਚ ਜੰਗ ਤੋਂ ਘਬਰਾਏ ਪਾਕਿ ਨੇ ਰੱਖਿਆ ਲਈ ਆਪਣੀ ਜਲ ਸੈਨਾ ਕੀਤੀ ਤਾਇਨਾਤ
ਅਜੀਤ ਡੈਸਕ
11-03-2026