11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸਿੱਖ ਰਾਜ ਦੀ ਆਖ਼ਰੀ ਵਾਰਸ ਸ਼ਹਿਜ਼ਾਦੀ ਬੰਬਾ ਦੀਆਂ ਲਾਹੌਰ ਵਿਚਲੀਆਂ ਯਾਦਗਾਰਾਂ ਢਹਿ ਢੇਰੀ

Ad Position 21
No active advertisement
ਅਜੀਤ ਡੈਸਕ 11-03-2026

ਲਾਹੌਰ ਦੇ ਗੋਰਾ ਕਬਰਸਤਾਨ 'ਚ ਮਨਾਈ ਗਈ ਸ਼ਹਿਜ਼ਾਦੀ ਦੀ ਬਰਸੀ
ਅੰਮਿ੍ਤਸਰ, 10 ਮਾਰਚ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਪੁਤਰੀ ਪਿ੍ੰਸਿਸ ਸੋਫੀਆ ਸਦਰਲੈਂਡ ਉਰਫ਼ ਰਾਜਕੁਮਾਰੀ ਬੰਬਾ ਦੀ ਲਾਹੌਰ ਵਿਚਲੀ ਰਿਹਾਇਸ਼ਗਾਹ ਤੇ ਉਸ ਦੁਆਰਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਪਾਸ ਉਸਾਰੀ ਗਈ ਉਸ ਦੀ ਦਾਦੀ ਰਾਣੀ ਜਿੰਦ ਕੌਰ ਦੀ ਸਮਾਧ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਸਿੱਖ ਰਾਜ ਦੀ ਆਖ਼ਰੀ ਵਾਰਸ ਸ਼ਹਿਜ਼ਾਦੀ ਬੰਬਾ ਆਪਣੇ ਪਿਤਾ ਦੇ ਦਿਹਾਂਤ ਦੇ ਬਾਅਦ ਜਦੋਂ ਪਹਿਲੀ ਵਾਰ ਭਾਰਤ ਆਈ ਤਾਂ ਉਸਨੇ ਲਾਹੌਰ ਪਹੁੰਚਣ 'ਤੇ ਸ਼ੁਰੂਆਤ 'ਚ ਹੋਟਲ ਫਲੈਟੀਜ਼ 'ਚ ਕਿਰਾਏ 'ਤੇ ਰਹਿਣਾ ਸ਼ੁਰੂ ਕੀਤਾ ਅਤੇ ਫਿਰ ਲਾਹੌਰ ਦੀ ਮੁਜੰਗ ਚੁੰਗੀ ਦੇ ਪਾਸ ਜੇਲ੍ਹ ਰੋਡ 'ਤੇ ਇਕ ਕੋਠੀ ਕਿਰਾਏ 'ਤੇ ਲਈ | ਜਲਦੀ ਬਾਅਦ ਸ਼ਹਿਜ਼ਾਦੀ ਨੇ ਲਾਹੌਰ 'ਚ ਆਪਣੀ ਪੱਕੀ ਰਿਹਾਇਸ਼ ਲਈ ਮਾਡਲ ਟਾਊਨ ਦੇ ਏ-ਬਲਾਕ 'ਚ 104 ਨੰ. ਕੋਠੀ ਖ਼ਰੀਦ ਲਈ, ਜਿਸ ਦਾ ਨਾਂਅ ਉਸ ਨੇ 'ਗੁਲਜ਼ਾਰ' ਰੱਖਿਆ | ਇਸ ਜ਼ਮੀਨਦੋਜ਼ ਕੀਤੇ ਜਾ ਚੁਕੇ 'ਗੁਲਜ਼ਾਰ' 'ਚ 88 ਵਰ੍ਹੇ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਰਕੇ 10 ਮਾਰਚ 1957 ਨੂੰ ਸ਼ਹਿਜ਼ਾਦੀ ਦਾ ਦਿਹਾਂਤ ਹੋਇਆ | ਉਸ ਨੂੰ ਲਾਹੌਰ ਦੀ ਜੇਲ੍ਹ ਰੋਡ 'ਤੇ ਮੌਜੂਦ ਗੌਰਾ ਕਬਰਸਤਾਨ (ਇੰਗਲਿਸ਼ ਸੈਮਇਟਰੀ) 'ਚ ਦਫ਼ਨ ਕੀਤਾ ਗਿਆ | ਜਿੱਥੇ ਅੱਜ ਵਿਰਾਸਤ ਦੀ ਸੰਭਾਲ ਲਈ ਜੱਦੋ ਜਹਿਦ ਕਰ ਰਹੀ ਬੀਬੀ ਨੌਸ਼ਾਬਾ ਸ਼ਹਿਜ਼ਾਦ (ਸੀ. ਈ. ਓ. ਜ਼ਯਾਨਾ ਟਰੇਵਲਜ) ਨੇ ਪਹੁੰਚ ਕੇ ਆਪਣੀ ਟੀਮ ਸਮੇਤ ਸ਼ਰਧਾ ਦੇ ਫੁਲ ਭੇਟ ਕੀਤੇ | ਸ਼ਹਿਜ਼ਾਦੀ ਦੀ ਰਿਹਾਇਸ਼ਗਾਹ 'ਗੁਲਜ਼ਾਰ' ਦੇ ਇਲਾਵਾ ਲਾਹੌਰ ਸ਼ਹਿਰ 'ਚ ਮੌਜੂਦ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਪਿੱਛੇ ਯਾਤਰੂਆਂ ਲਈ ਬਣਾਏ ਕਮਰਿਆਂ ਦੇ ਵਿਚਕਾਰ ਡੇਢ ਫੁੱਟ ਉੱਚੇ ਥੜ੍ਹੇ 'ਤੇ ਉਸਾਰੀ ਗਈ ਰਾਣੀ ਜਿੰਦ ਕੌਰ ਦੀ ਸਮਾਧ ਨੂੰ ਵੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉੱਥੇ ਕੀਤੀ ਗਈ ਨਵੇਂ ਕਮਰਿਆਂ ਦੀ ਉਸਾਰੀ ਮੌਕੇ ਢਾਹ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ 1 ਅਗਸਤ 1863 ਨੂੰ ਕੈਨਸਿੰਗਟਨ (ਲੰਡਨ) 'ਚ ਰਾਣੀ ਜਿੰਦ ਕੌਰ ਉਰਫ਼ ਜਿੰਦਾਂ ਦਾ ਦਿਹਾਂਤ ਹੋਣ ਤੋਂ ਬਾਅਦ ਉਨ੍ਹਾਂ ਦੀ ਦੇਹ ਪਹਿਲਾਂ ਆਰਜ਼ੀ ਤੌਰ 'ਤੇ ਕੇਨਸਲ ਗ੍ਰੀਨ ਕਬਰਸਤਾਨ 'ਚ ਦਫ਼ਨਾਈ ਗਈ, ਫਿਰ ਅਗਲੇ ਵਰ੍ਹੇ ਉਨ੍ਹਾਂ ਦਾ ਅੰਤਿਮ ਸਸਕਾਰ ਨਾਸਿਕ ਵਿਖੇ ਕੀਤਾ ਗਿਆ | ਇਸ ਦੇ ਪੂਰੇ 61 ਵਰ੍ਹੇ ਬਾਅਦ 27 ਮਾਰਚ 1924 ਨੂੰ ਸ਼ਹਿਜ਼ਾਦੀ ਬੰਬਾ ਨੇ ਨਾਸਿਕ ਤੋਂ ਆਪਣੀ ਦਾਦੀ ਰਾਣੀ ਜਿੰਦ ਕੌਰ ਦੀ ਸਮਾਧ ਦੀ ਕੁਝ ਮਿੱਟੀ ਲਿਆ ਕੇ ਲਾਹੌਰ 'ਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਨਜ਼ਦੀਕ ਹਰਬੰਸ ਸਿੰਘ ਰਈਸ ਅਟਾਰੀ ਤੋਂ ਅਰਦਾਸ ਕਰਾ ਕੇ ਇਕ ਥੜ੍ਹੇ ਦੇ ਰੂਪ 'ਚ ਉਕਤ ਸਮਾਧ ਤਿਆਰ ਕਰਵਾਈ ਸੀ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਜ 'ਚ ਮੌਕਿਆਂ ਦੀ ਨਵੀਂ ਦਿਸ਼ਾ ਤੈਅ ਕਰਨ ਦਾ ਦਿਨ-ਹਰਲੀਨ ਮੋਹਾਲੀ ਅਗਲੀ ਖ਼ਬਰ ਜਲਿ੍ਹਆਂਵਾਲਾ ਬਾਗ ਦੀਆਂ ਗੈਲਰੀਆਂ 'ਚੋਂ ਸਾਕੇ 'ਚ ਮਾਰੇ ਗਏ ਸ਼ਹੀਦਾਂ ਦੀਆਂ ਤਸਵੀਰਾਂ ਤੇ ਹੋਰ ਤਖ਼ਤੀਆਂ ਗ਼ਾਇਬ
Ad Position 24