ਨਾਭਾ, 10 ਮਾਰਚ (ਜਗਨਾਰ ਸਿੰਘ ਦੁਲੱਦੀ)-ਨਾਰੀ ਨਾਮ ਹੈ ਸ਼ਕਤੀ ਦਾ, ਉਸ ਸੋਚ ਦਾ ਜੋ ਸਮਾਜ ਸਿਰਜਕ ਹੀ ਨਹੀਂ ਸਗੋਂ ਸਮਾਜ ਪਾਲਕ ਅਤੇ ਰੱਖਿਅਕ ਵੀ ਹੈ | ਸੰਸਾਰ ਦੀ ਹੋਂਦ ਨਾਰੀ ਤੋਂ ਬਿਨਾਂ ਅਸੰਭਵ ਹੈ, ਔਰਤ ਦੀ ਭੂਮਿਕਾ ਧੀ, ਮਾਂ, ਭੈਣ ਅਤੇ ਪਤਨੀ ਦੇ ਰੂਪ 'ਚ ਹਮੇਸ਼ਾ ਹੀ ਆਦਰਸ਼ ਸਿਰਜਕ ਰਹੀ ਹੈ ਅਤੇ ਉਸ ਨੇ ਆਪਣੇ ਹਰ ਰੂਪ ਨੂੰ ਬੜੀ ਸ਼ਿੱਦਤ ਨਾਲ ਨਿਭਾਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਮਹਿਲਾ ਦਿਵਸ ਮੌਕੇ ਪ੍ਰਸਿੱਧ ਸਮਾਜਿਕ ਸੰਸਥਾ 'ਦੀ ਨਵੀਂ ਰਾਹ' ਫਾਉਂਡੇਸ਼ਨ ਦੇ ਮੁੱਖ ਸੰਸਥਾਪਕ ਹਰਲੀਨ ਕੌਰ ਮੋਹਾਲੀ ਨੇ ਕਿਹਾ ਕਿ ਔਰਤ ਨੇ ਹਮੇਸ਼ਾ ਆਪਣੀਆਂ ਇੱਛਾਵਾਂ ਨੂੰ ਪਾਸੇ ਰੱਖ ਕੇ ਆਪਣੇ ਪਰਿਵਾਰ ਪ੍ਰਤੀ ਪਹਿਲਾਂ ਆਪਣੇ ਫ਼ਰਜ਼ ਅਦਾ ਕੀਤੇ ਹਨ, ਹਰ ਭੂਮਿਕਾ ਨਿਭਾ ਰਹੀ ਔਰਤ ਨੂੰ ਸਮਾਜ ਵਲੋਂ ਉਸ ਦੇ ਹੱਕਾਂ ਤੋਂ ਵਾਂਝੇ ਰੱਖਿਆ ਗਿਆ ਪ੍ਰੰਤੂ ਉਸ ਨੇ ਹਰ ਚੁਨੌਤੀ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ | ਹਰਲੀਨ ਮੋਹਾਲੀ ਨੇ ਕਿਹਾ ਕਿ ਅੱਜ ਮਹਿਲਾ ਦਿਵਸ 'ਤੇ ਸਾਨੂੰ ਉਨ੍ਹਾਂ ਮਹਾਨ ਔਰਤਾਂ ਦੀਆਂ ਕਾਰਗੁਜ਼ਾਰੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਜਿੱਥੋਂ ਤੱਕ ਹੋ ਸਕੇ ਉਨ੍ਹਾਂ ਦੀ ਹਾਂ-ਪੱਖੀ ਸੋਚ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਸਮਾਜ ਸੇਵਿਕਾ ਹਰਲੀਨ ਮੋਹਾਲੀ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਸਿਰਫ ਇਕ ਉਤਸਵ ਨਹੀਂ ਸਗੋਂ ਸਮਾਜ 'ਚ ਸਮਾਨਤਾ, ਸਨਮਾਨ ਅਤੇ ਮੌਕਿਆਂ ਦੀ ਨਵੀਂ ਦਿਸ਼ਾ ਤੈਅ ਕਰਨ ਦਾ ਦਿਨ ਹੈ ਅਤੇ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਸੇ ਵੀ ਦੇਸ ਦੀ ਅਸਲ ਤਰੱਕੀ ਉਦੋਂ ਹੀ ਸੰਭਵ ਹੈ ਜਦੋਂ ਔਰਤਾਂ ਹਰ ਖੇਤਰ 'ਚ ਸਨਮਾਨ ਨਾਲ ਅੱਗੇ ਵਧਣ | ਸੰਸਥਾ ਦੀ ਆਗੂ ਰਮਨਦੀਪ ਕੌਰ ਨੇ ਕਿਹਾ ਕਿ ਅੱਜ ਦੀ ਔਰਤ ਸਿਰਫ ਪਰਿਵਾਰ ਦੀ ਮਜ਼ਬੂਤੀ ਨਹੀਂ ਸਗੋਂ ਸਮਾਜ ਅਤੇ ਦੇਸ ਦੀ ਤਰੱਕੀ ਦੀ ਪ੍ਰੇਰਕ ਤਾਕਤ ਬਣ ਚੁੱਕੀ ਹੈ | ਆਖਿਰ 'ਚ ਹਰਲੀਨ ਮੋਹਾਲੀ ਨੇ ਸਮੁੱਚੇ ਸਮਾਜ ਨੂੰ ਅਪੀਲ ਕੀਤੀ ਕਿ ਅਸੀਂ ਸਭ ਮਿਲ ਕੇ ਅਜਿਹਾ ਵਾਤਾਵਰਨ ਬਣਾਈਏ ਜਿੱਥੇ ਹਰ ਬੇਟੀ ਆਪਣੇ ਸੁਪਨੇ ਪੂਰੇ ਕਰਨ ਲਈ ਖ਼ੁਦ ਨੂੰ ਆਜ਼ਾਦ ਅਤੇ ਸੁਰੱਖਿਅਤ ਸਮਝ ਸਕੇ |