ਪਟਿਆਲਾ, 10 ਮਾਰਚ (ਮਨਦੀਪ ਸਿੰਘ ਖਰੌੜ)-ਸ਼ਿਵਾ ਚੈਰੀਟੇਬਲ ਟਰੱਸਟ ਦੇ ਵਫ਼ਦ ਨੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੂੰ ਮੰਗ ਪੱਤਰ ਦੇ ਕੇ ਤੇਜ਼ ਬਾਗ਼ ਕਾਲੋਨੀ ਸਥਿਤ ਸ਼ਿਵ ਆਸ਼ਰਮ ਵਿਚ ਸ਼ੈੱਡ ਪਾਉਣ ਲਈ ਧਨ ਰਾਸ਼ੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ | ਵਫ਼ਦ ਨੇ ਦੱਸਿਆ ਕਿ ਤੇਜ ਬਾਗ਼ ਕਾਲੋਨੀ ਦਾ ਸ਼ਿਵ ਆਸ਼ਰਮ ਇਲਾਕੇ ਦੇ ਲੋਕਾਂ ਦਾ ਸਾਂਝਾ ਸਥਾਨ ਹੈ, ਜਿੱਥੇ ਅਕਸਰ ਗ਼ਰੀਬ ਪਰਿਵਾਰਾਂ ਦੇ ਵਿਆਹ-ਸ਼ਾਦੀਆਂ, ਭੋਗ ਅਤੇ ਹੋਰ ਧਾਰਮਿਕ ਅਤੇ ਸਮਾਜਿਕ ਸਮਾਗਮ ਕਰਵਾਏ ਜਾਂਦੇ ਹਨ | ਆਸ਼ਰਮ ਦੇ ਅੰਦਰ ਇਕ ਖ਼ਾਲੀ ਥਾਂ ਹੈ ਜਿੱਥੇ ਸ਼ੈੱਡ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਮੀਂਹ ਜਾਂ ਖ਼ਰਾਬ ਮੌਸਮ ਦੌਰਾਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਮੰਗ ਪੱਤਰ ਵਿਚ ਦਰਸਾਇਆ ਗਿਆ ਕਿ ਸ਼ੈੱਡ ਬਣਾਉਣ ਲਈ ਲਗਭਗ 12 ਤੋਂ 15 ਲੱਖ ਰੁਪਏ ਦਾ ਖਰਚਾ ਆ ਸਕਦਾ ਹੈ | ਇਸ ਦੌਰਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਟਰੱਸਟ ਵਲੋਂ ਕੀਤੀ ਗਈ ਮੰਗ ਬਹੁਤ ਵਾਜਬ ਹੈ | ਜਲਦ ਹੀ ਸ਼ਿਵ ਆਸ਼ਰਮ ਵਿਚ ਸ਼ੈੱਡ ਬਣਾਉਣ ਲਈ ਜ਼ਿਲ੍ਹਾ ਯੋਜਨਾ ਕਮੇਟੀ ਵਲੋਂ ਫ਼ੰਡ ਉਪਲਬਧ ਕਰਵਾ ਕੇ ਇਸ ਮੰਗ ਨੂੰ ਪੂਰਾ ਕੀਤਾ ਜਾਵੇਗਾ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਸੁਵਿਧਾ ਮਿਲ ਸਕੇ | ਇਸ ਮੌਕੇ ਟਰੱਸਟ ਦੇ ਪ੍ਰਧਾਨ ਪਵਨ ਸਿੰਗਲਾ, ਉਪ ਪ੍ਰਧਾਨ ਅਸ਼ੋਕ ਕੁਮਾਰ ਗੁਪਤਾ, ਵਿੱਤ ਸਕੱਤਰ ਵਿਨੋਦ ਗੋਇਲ, ਮੈਂਬਰ ਜਸਵਿੰਦਰ ਸਿੰਘ, ਨਿਸ਼ਚਲ ਅਗਰਵਾਲ, ਪ੍ਰਦੀਪ ਸਿੰਗਲਾ ਅਤੇ ਰੋਹਿਤ ਸਿੰਗਲਾ ਮੌਜੂਦ ਸਨ |