ਚੰਡੀਗੜ੍ਹ, 2 ਅਪ੍ਰੈਲ (ਅਜੀਤ ਬਿਊਰੋ)-ਮਜ਼ਬੂਤ ਵਿੱਤੀ ਪ੍ਰਬੰਧਨ ਤੇ ਨਿਰੰਤਰ ਆਰਥਿਕ ਸੁਧਾਰ ਨੂੰ ਦਰਸਾਉਂਦੇ ਹੋਏ, ਪੰਜਾਬ ਦੇ ਵਿੱਤ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਵਿੱਤੀ ਸਾਲ 2025-26 ਲਈ ਮਾਰਚ ਮਹੀਨੇ ਤੱਕ ਸ਼ੁੱਧ ਵਸਤਾਂ ਅਤੇ ਸੇਵਾਵਾਂ ਕਰ (ਜੀ.ਐਸ.ਟੀ.) ਦੇ ਸੰਗ੍ਰਹਿ ਵਿਚ 12.52 ਫੀਸਦੀ ਦੇ ਮਹੱਤਵਪੂਰਨ ਵਾਧੇ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਸੂਬੇ ਨੇ ਮਾਰਚ 2026 ਵਿਚ ਸਾਲ-ਦਰ-ਸਾਲ ਵੀ ਭਾਰੀ ਵਾਧਾ ਦਰਜ ਕੀਤਾ ਹੈ, ਜਿਸ ਵਿਚ ਸ਼ੁੱਧ ਜੀ.ਐਸ.ਟੀ. ਸੰਗ੍ਰਹਿ ਮਾਰਚ 2025 ਦੇ 1,913.82 ਕਰੋੜ ਰੁਪਏ ਤੋਂ ਵੱਧ ਕੇ 2,231.93 ਕਰੋੜ ਰੁਪਏ ਹੋ ਗਿਆ ਹੈ, ਜੋ ਕਿ 318.11 ਕਰੋੜ ਰੁਪਏ ਦੇ ਸ਼ੁੱਧ ਲਾਭ ਅਤੇ 16.6 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ ਤੇ ਮਾਰਚ ਵਿਚ ਐਸ.ਜੀ.ਐਸ.ਟੀ. ਨਕਦ ਸੰਗ੍ਰਹਿ ਵਿਚ 18 ਫੀਸਦੀ ਦਾ ਮਜ਼ਬੂਤ ਵਾਧਾ ਦਰਜ ਕੀਤਾ ਗਿਆ ਹੈ | ਲਗਭਗ 7 ਫੀਸਦੀ ਦੀ ਕੌਮੀ ਵਿਕਾਸ ਦਰ ਦੇ ਮੁਕਾਬਲੇ ਇਸ ਨੇ ਪੰਜਾਬ ਨੂੰ ਦੇਸ਼ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵੱਡੇ ਸੂਬਿਆਂ ਵਿਚ ਲਿਆ ਖੜ੍ਹਾ ਕੀਤਾ ਹੈ | ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਇਨ੍ਹਾਂ ਅੰਕੜਿਆਂ ਦਾ ਖੁਲਾਸਾ ਕਰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਨੇ ਪੂਰੇ ਵਿੱਤੀ ਸਾਲ 2025-26 ਲਈ ਨਿਰੰਤਰ ਤੇ ਵਿਆਪਕ ਮਾਲੀਆ ਵਾਧਾ ਦਰਜ ਕੀਤਾ ਹੈ ਕਿਉਂਕਿ ਮਾਰਚ ਮਹੀਨੇ ਤੱਕ ਸ਼ੁੱਧ ਜੀ.ਐਸ.ਟੀ. ਸੰਗ੍ਰਹਿ 2024-25 ਦੇ 23642.08 ਕਰੋੜ ਰੁਪਏ ਦੇ ਮੁਕਾਬਲੇ 2025-26 ਵਿੱਚ 26601.12 ਕਰੋੜ ਰੁਪਏ ਤੱਕ ਪਹੁੰਚ ਗਿਆ, ਜਿਸ ਵਿਚ 2959.04 ਕਰੋੜ ਰੁਪਏ ਦਾ ਠੋਸ ਵਾਧਾ ਦਰਜ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਨਿਰੰਤਰ ਵਿੱਤੀ ਪਸਾਰ ਨੇ ਪੰਜਾਬ ਨੂੰ ਕੌਮੀ ਔਸਤ ਤੋਂ ਅੱਗੇ ਰੱਖਦਿਆਂ ਸ਼ੁੱਧ ਜੀ.ਐਸ.ਟੀ. ਮਾਲੀਆ ਵਿਚ ਲਗਭਗ 6 ਫੀਸਦੀ ਵਾਧਾ ਦਰਜ ਕੀਤਾ, ਜਿਸ ਨਾਲ ਸੂਬਾ ਜੀ.ਐਸ.ਟੀ. ਜੁਟਾਉਣ ਵਿਚ ਇੱਕ ਮਜ਼ਬੂਤ ਪ੍ਰਦਰਸ਼ਨਕਾਰ ਵਜੋਂ ਸਥਾਪਿਤ ਹੋਇਆ ਹੈ | ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਵਿੱਤੀ ਸਾਲ 2025-26 ਤਿੰਨ-ਪੜਾਵੀ ਮਾਲੀਆ ਚਾਲ ਨੂੰ ਸਪੱਸ਼ਟ ਰੂਪ ਵਿਚ ਦਰਸਾਉਂਦਾ ਹੈ ਜਿਸ ਵਿੱਚ ਸ਼ੁਰੂਆਤੀ ਮਜ਼ਬੂਤ ਲਾਭ, ਜੀ.ਐਸ.ਟੀ. 2.0 ਨੀਤੀ ਕਾਰਨ ਆਈ ਗਿਰਾਵਟ ਅਤੇ ਆਖਰੀ ਤਿਮਾਹੀ ਵਿਚ ਇੱਕ ਸ਼ਾਨਦਾਰ ਰਿਕਵਰੀ ਸ਼ਾਮਲ ਹੈ | ਉਨ੍ਹਾ ਕਿਹਾ ਕਿ ਪਹਿਲੇ ਛੇ ਮਹੀਨਿਆਂ (ਅਪ੍ਰੈਲ ਤੋਂ ਸਤੰਬਰ 2025) ਵਿਚ, ਪੰਜਾਬ ਨੇ ਸ਼ੁੱਧ ਜੀ.ਐਸ.ਟੀ. ਸੰਗ੍ਰਹਿ ਵਿਚ 2,478.19 ਕਰੋੜ ਰੁਪਏ ਦਾ ਵੱਡਾ ਵਾਧਾ ਦਰਜ ਕੀਤਾ, ਜੋ ਕਿ 23 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ | ਇਹ ਰਾਜ-ਪੱਧਰੀ ਇਨਫੋਰਸਮੈਂਟ ਅਤੇ ਪਾਲਣਾ ਦੇ ਪ੍ਰਭਾਵਸ਼ਾਲੀ ਉਪਾਵਾਂ ਦੁਆਰਾ ਸੰਚਾਲਿਤ ਮਜ਼ਬੂਤ ਮਾਲੀਆ ਜੁਟਾਉਣ ਦਾ ਪ੍ਰਮਾਣ ਹੈ | ਵਿੱਤ ਮੰਤਰੀ ਚੀਮਾ ਨੇ ਅੱਗੇ ਕਿਹਾ ਕਿ ਜੀ.ਐਸ.ਟੀ. ਸੰਗ੍ਰਹਿ ਵਿਚ ਲਗਾਤਾਰ ਵਾਧਾ, ਖਾਸ ਕਰਕੇ ਆਖਰੀ ਤਿਮਾਹੀ ਵਿਚ ਮਜ਼ਬੂਤ ਰਿਕਵਰੀ, ਮਜ਼ਬੂਤ ਵਿੱਤੀ ਪ੍ਰਬੰਧਨ ਅਤੇ ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਪ੍ਰਤੀ ਸੂਬਾ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ | ਕੌਮੀ ਪੱਧਰ 'ਤੇ ਆਈਆਂ ਤਬਦੀਲੀ ਵਾਲੀਆਂ ਚੁਣੌਤੀਆਂ ਦੇ ਬਾਵਜੂਦ, ਪੰਜਾਬ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ | ਸਰਕਾਰ ਮਾਲੀਆ ਜੁਟਾਉਣ ਨੂੰ ਹੋਰ ਵਧਾਉਣ ਲਈ ਪਾਲਣਾ ਢਾਂਚੇ ਨੂੰ ਮਜ਼ਬੂਤ ਕਰਨ, ਤਕਨਾਲੋਜੀ ਦੀ ਵਰਤੋਂ ਕਰਨ ਅਤੇ ਇਮਾਨਦਾਰ ਟੈਕਸਦਾਤਾਵਾਂ ਦਾ ਸਮਰਥਨ ਕਰਨਾ ਜਾਰੀ ਰੱਖੇਗੀ | ਵਿੱਤੀ ਸਾਲ 2026-27 ਵਿਚ ਸੂਬੇ ਦੇ ਜੀ.ਐਸ.ਟੀ. ਸੰਗ੍ਰਹਿ ਵਿੱਚ ਹੋਰ ਵਾਧਾ ਹੋਣ ਦਾ ਪੂਰਾ ਭਰੋਸਾ ਪ੍ਰਗਟਾਉਂਦਿਆਂ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਭਰੋਸੇ ਦਾ ਸਿਹਰਾ ਸੂਬਾ ਸਰਕਾਰ ਦੇ ਲਗਾਤਾਰ ਇਨਫੋਰਸਮੈਂਟ ਯਤਨਾਂ, ਬਿਹਤਰ ਪਾਲਣਾ, ਅਤੇ ਤੇਜੀ ਨਾਲ ਵੱਧ ਰਹੀ ਆਰਥਿਕਤਾ ਨੂੰ ਦਿੱਤਾ, ਜਿਨ੍ਹਾਂ ਤੋਂ ਮਾਲੀਏ ਦੇ ਵਾਧੇ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੀ ਉਮੀਦ ਹੈ |
ਵਿੱਤੀ ਸਾਲ 2025-26 ਵਿਚ ਪੰਜਾਬ ਦੇ ਸ਼ੁੱਧ ਜੀ.ਐਸ.ਟੀ. ਸੰਗ੍ਰਹਿ ਵਿਚ 12.52 ਫੀਸਦੀ ਵਾਧਾ ਦਰਜ-ਚੀਮਾ <br/>
ਅਜੀਤ ਡੈਸਕ
03-04-2026