ਬਟਾਲਾ, 2 ਅਪ੍ਰੈਲ (ਸਤਿੰਦਰ ਸਿੰਘ)-ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ (ਮਾਨ) ਦੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਮਾਨ ਵਲੋਂ ਯੂਨੀਅਨ ਮੈਂਬਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਸ: ਮਾਨ ਨੇ ਗੱਲਬਾਤ ਕਰਦਿਆਂ ਕਣਕ ਦੀ ਖਰੀਦ ਮੌਸਮ ਦੇ ਸ਼ੁਰੂ 'ਤੇ ਆੜ੍ਹਤੀਆਂ ਵਲੋਂ ਕੀਤੀ ਜਾ ਰਹੀ ਹੜਤਾਲ ਦੀ ਨਿੰਦਾ ਕੀਤੀ | ਸ: ਮਾਨ ਨੇ ਕਿਹਾ ਕਿ ਇਸ ਵਾਰ ਵੀ ਕਣਕ ਦੀ ਖਰੀਦ ਦੇ ਨਾਜ਼ੁਕ ਸਮੇਂ 'ਤੇ ਆੜ੍ਹਤੀਆਂ ਵਲੋਂ ਦਬਾਅ ਦੀ ਰਾਜਨੀਤੀ ਕੀਤੀ ਜਾ ਰਹੀ ਹੈ | ਮਦਦਗਾਰ ਬਣਨ ਦੀ ਬਜਾਏ ਮਾਫੀਆ ਵਾਂਗ ਵਰਤਾਰਾ ਕਰਦਿਆਂ ਉਹ ਮੰਡੀਆਂ ਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਜਦੋਂ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ ਵਿਚ ਪਹੁੰਚਦਾ ਹੈ ਤਾਂ ਉਸ ਵੇਲੇ ਹੜਤਾਲ ਕਰਨਾ ਸਿਰਫ ਪ੍ਰਣਾਲੀ ਨੂੰ ਠੱਪ ਕਰਨਾ ਹੀ ਨਹੀਂ, ਸਗੋਂ ਖੁੱਲ੍ਹੀ ਆਰਥਿਕ ਬਲੈਕਮੇਲ ਹੈ | ਆੜ੍ਹਤੀਆਂ ਵਲੋਂ 2.5 ਫੀਸਦੀ ਕਮਿਸ਼ਨ ਮੁੜ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸਾਇਲੋਜ ਰਾਹੀਂ ਹੋਣ ਵਾਲੀ ਖਰੀਦ 'ਤੇ ਘਟਾਈ ਗਈ ਕਮਿਸ਼ਨ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ | ਸ: ਮਾਨ ਨੇ ਕਿਹਾ ਕਿ ਇਹ ਵੀ ਧਿਆਨਯੋਗ ਹੈ ਕਿ ਕੇਂਦਰ ਸਰਕਾਰ ਪਹਿਲਾਂ ਹੀ 50.75 ਪ੍ਰਤੀ ਕੁਇੰਟਲ ਕਮਿਸ਼ਨ ਨਿਰਧਾਰਤ ਕਰ ਚੁੱਕੀ ਹੈ, ਜੋ ਉਨ੍ਹਾਂ ਦੇ ਖਰਚੇ ਪੂਰੇ ਕਰਨ ਲਈ ਵਾਜਬ ਹੈ | ਇਸ ਦੇ ਬਾਵਜੂਦ ਪੂਰੀ ਖਰੀਦ ਪ੍ਰਣਾਲੀ ਨੂੰ ਬੰਦੀ ਬਣਾਉਣਾ ਬਿਲਕੁੱਲ ਜਾਇਜ਼ ਨਹੀਂ | ਉਨ੍ਹਾਂ ਕਿਹਾ ਕਿ ਯੂਨੀਅਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਿਆ ਗਿਆ ਫੈਸਲਾ ਸਵਾਗਤਯੋਗ ਮੰਨਦੀ ਹੈ | ਸਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਲੈਕਮੇਲ ਅੱਗੇ ਝੁਕਣਾ ਨਹੀਂ ਚਾਹੀਦਾ | ਸਰਕਾਰ ਨੂੰ ਚਾਹੀਦਾ ਹੈ ਕਿ ਖਰੀਦ ਪ੍ਰਕਿਰਿਆ ਬਿਨਾਂ ਰੁਕਾਵਟ ਜਾਰੀ ਰਹੇ | ਯੂਨੀਅਨ ਆੜ੍ਹਤੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਤੁਰੰਤ ਹੜ੍ਹਤਾਲ ਵਾਪਸ ਲੈਣ | ਇਸ ਮੌਕੇ ਮੀਤ ਪ੍ਰਧਾਨ ਸੁਖਦੇਵ ਸਿੰਘ ਝੁਨੇਰ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਹਲੋਂ, ਜਨਰਲ ਸਕੱਤਰ ਬਲਰਾਜ ਸਿੰਘ ਰੰਧਾਵਾ ਅਤੇ ਮੋਹਾਲੀ ਪ੍ਰਧਾਨ ਬਲਵੰਤ ਸਿੰਘ ਨਡਿਆਲੀ ਆਦਿ ਹਾਜ਼ਰ ਸਨ |
ਆੜ੍ਹਤੀਆਂ ਦੀ ਮੌਜੂਦਾ ਹੜਤਾਲ ਨੇ ਕਿਸਾਨਾਂ ਪ੍ਰਤੀ ਅਸਲੀ ਚਿਹਰਾ ਬੇਨਕਾਬ ਕੀਤਾ-ਬੀਕੇਯੂ ਮਾਨ
ਅਜੀਤ ਡੈਸਕ
03-04-2026