ਚੰਡੀਗੜ੍ਹ, 2 ਅਪ੍ਰੈਲ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਤਹਿਤ ਪਟਿਆਲਾ ਪੁਲਿਸ ਨੇ ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰ ਸਪਲਾਈ ਮਾਡਿਊਲ ਨਾਲ ਸਬੰਧਿਤ ਚਾਰ ਦੋਸ਼ੀਆਂ ਨੂੰ 10 ਆਧੁਨਿਕ ਸੈਲਫ-ਲੋਡਿੰਗ ਹਥਿਆਰਾਂ ਸਮੇਤ ਗਿ੍ਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ | ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੌਰਭ ਕੁਮਾਰ ਵਾਸੀ ਪਿੰਡ ਜਾਰੰਗ ਦੀਹ, ਮੁਜੱਫਰਪੁਰ (ਬਿਹਾਰ), ਸਾਜਨ ਵਾਸੀ ਸੋਹਾਣਾ (ਐਸ.ਏ.ਐਸ. ਨਗਰ), ਅਭਿਸ਼ੇਕ ਉਰਫ਼ ਕਾਕਾ ਵਾਸੀ ਗੁਰਦੀਪ ਕਲੋਨੀ ਅਬਲੋਵਾਲ, ਪਟਿਆਲਾ ਅਤੇ ਇੰਦਰਜੀਤ ਸਿੰਘ ਉਰਫ਼ ਰੋਹਿਤ ਵਾਸੀ ਪੁਰਾਣਾ ਬਿਸ਼ਨ ਨਗਰ, ਪਟਿਆਲਾ ਵਜੋਂ ਹੋਈ ਹੈ | ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਬਿਹਾਰ ਤੋਂ ਦੇਸੀ ਹਥਿਆਰ ਲਿਆਉਂਦੇ ਸਨ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸੂਬੇ ਵਿਚ ਸਪਲਾਈ ਕਰਦੇ ਸਨ | ਉਨ੍ਹਾਂ ਕਿਹਾ ਕਿ ਹੋਰ ਜਾਂਚ ਤੋਂ ਗੈਂਗਵਾਰ ਬਾਰੇ ਵੀ ਸੰਕੇਤ ਮਿਲੇ ਹਨ, ਜਿਸ ਤਹਿਤ ਇਲਾਕੇ ਵਿਚ ਦਬਦਬਾ ਕਾਇਮ ਕਰਨ ਲਈ ਗੋਲਡੀ ਢਿੱਲੋਂ ਨੈੱਟਵਰਕ ਨਾਲ ਜੁੜੇ ਇੱਕ ਵਿਰੋਧੀ ਅਪਰਾਧੀ ਨੂੰ ਨਿਸ਼ਾਨਾ ਬਣਾਉਣ ਦੀਆਂ ਯੋਜਨਾਵਾਂ ਸਨ | ਇਸ ਸਬੰਧੀ ਮਾਮਲਾ ਪਟਿਆਲਾ ਦੇ ਪੁਲਿਸ ਸਟੇਸ਼ਨ ਸ਼ੰਭੂ ਵਿਖੇ ਦਰਜ ਕੀਤਾ ਗਿਆ ਹੈ |
ਬਿਹਾਰ-ਆਧਾਰਿਤ ਹਥਿਆਰ ਸਪਲਾਇਰ ਸਮੇਤ ਚਾਰ ਤਸਕਰ ਕਾਬੂ, ਹਥਿਆਰ ਬਰਾਮਦ
ਅਜੀਤ ਡੈਸਕ
03-04-2026