ਮੁੱਲਾਂਪੁਰ-ਦਾਖਾ, 4 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਆਗਾਮੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬ), ਪੁਨਰ ਸੁਰਜੀਤੀ, 'ਵਾਰਿਸ ਪੰਜਾਬ ਦੇ' ਵੱਡੇ ਆਗੂਆਂ ਵਿਚਕਾਰ ਸ਼ਬਦੀ ਜੰਗ ਦੇ ਚੱਲਦਿਆਂ ਬਰਜਿੰਦਰ ਸਿੰਘ ਮੱਖਣ ਬਰਾੜ ਦੁਆਰਾ ਦੋਸ਼ਾਂ ਦੇ ਜਵਾਬ ਵਿਚ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ. ਨੇ ਕਿਹਾ ਕਿ ਮੱਖਣ ਬਰਾੜ ਅਕਾਲੀ ਦਲ 'ਚ ਵਾਪਸੀ ਲਈ ਰਾਹ ਪੱਧਰਾ ਕਰ ਰਿਹਾ ਹੈ | ਅਕਾਲੀ ਦਲ (ਬ) ਵਿਚ ਵਾਪਸੀ ਤਾਂ ਹੀ ਹੋਵੇਗੀ, ਜੇਕਰ ਮੈਨੂੰ ਬੁਰਾ-ਭਲਾ ਕਹੇਗਾ, ਬਾਕੀ ਲੋਕਤੰਤਰ 'ਚ ਹਰ ਇਕ ਨੂੰ ਬੋਲਣ ਦਾ ਅਧਿਕਾਰ ਹੈ | ਮਨਪ੍ਰੀਤ ਸਿੰਘ ਇਯਾਲੀ ਨੇ ਸਪੱਸ਼ਟ ਕੀਤਾ ਕਿ ਮੇਰੀ ਕਾਰੋਬਾਰੀ ਤੇ ਸਿਆਸੀ ਛਵੀ 'ਤੇ ਕੋਈ ਉਂਗਲ ਨਹੀਂ ਚੁੱਕ ਸਕਦਾ, ਕਿਉਂਕਿ ਜਿਥੇ ਵੀ ਕੰਮ ਕੀਤਾ, ਮੈਂ ਤੇ ਮੇਰੇ ਪਰਿਵਾਰ ਨੇ ਇਮਾਨਦਾਰੀ ਬਣਾਈ ਰੱਖੀ | ਐੱਮ.ਐੱਲ.ਏ. ਇਯਾਲੀ ਨੇ ਦੱਸਿਆ ਕਿ ਉਹ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਿਆਂਦੇ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਸੀ, ਇਕ ਵਿਧਾਇਕ ਦੀ ਹੈਸੀਅਤ 'ਚ ਮੈਂ ਰੋਸ ਵਜੋਂ ਸਾਲ 2022 ਵਿਚ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ, ਉਦੋਂ ਰੋਸ ਖੇਤੀ ਕਾਨੂੰਨਾਂ ਪ੍ਰਤੀ ਸੀ | ਉਨ੍ਹਾਂ ਦੱਸਿਆ ਕਿ ਅਸੀਂ ਖੇਤੀ ਕਾਨੂੰਨਾਂ ਦੇ ਉਲਟ ਦੇਸ਼ ਵਿਆਪੀ ਕਿਸਾਨ-ਮਜ਼ਦੂਰ ਅੰਦੋਲਨਕਾਰੀਆਂ ਦੇ ਧਰਨੇ ਵਿਚ ਬੈਠੇ ਰਹੇ, ਇਥੇ ਹੀ ਬੱਸ ਨਹੀਂ, ਲੈਂਡ ਪੂਲਿੰਗ ਪਾਲਿਸੀ 2025 ਵਿਰੁੱਧ ਕਿਸਾਨਾਂ ਦੀ ਆਵਾਜ਼ ਬਣ ਕੇ ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਖੁੱਲ੍ਹ ਕੇ ਵਿਰੋਧ ਕੀਤਾ, ਨਾਲ ਹੀ ਚੇਂਜ ਆਫ ਲੈਂਡ ਯੂਜ਼ (ਸੀ.ਐੱਲ.ਯੂ.) ਸ਼ਰਤ ਖ਼ਤਮ ਲਈ ਪੰਜਾਬ ਸਰਕਾਰ 'ਤੇ ਦਬਾਅ ਬਣਾਇਆ ਤਾਂ ਜੋ ਸਾਡੇ ਭੋਜਨ ਸੁਰੱਖਿਆ ਤੇ ਵਾਤਾਵਰਨ 'ਚ ਸਥਿਰਤਾ ਰਹੇ | ਕਿਸਾਨ-ਮਜ਼ਦੂਰਾਂ ਦੇ ਉਲਟ ਬਣੇ ਕਾਨੂੰਨਾਂ ਦਾ ਪੰਜਾਬ ਵਿਧਾਨ ਸਭਾ 'ਚ ਵਿਰੋਧ ਕਰਨ ਦੇ ਨਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸਿੱਖ ਨੌਜਵਾਨਾਂ ਤੋਂ ਐੱਨ.ਐੱਸ.ਏ. ਹਟਾਉਣ ਨੂੰ ਲੈ ਕੇ ਵੀ ਵਿਧਾਨ ਸਭਾ ਦੇ ਸੈਸ਼ਨ 'ਚ ਖੁੱਲ੍ਹ ਕੇ ਚਰਚਾ ਕੀਤੀ ਕਿ ਸਿੱਖ ਨੌਜਵਾਨਾਂ 'ਤੇ ਸਰਕਾਰਾਂ ਅੰਨਿਆ ਕਿਉਂ ਕਰ ਰਹੀਆਂ ਹਨ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਲੁਧਿਆਣਾ-ਧਰਮਕੋਟ (ਮੋਗਾ) ਸਤਲੁਜ ਦਰਿਆ ਅੰਦਰੋਂ ਗੈਰ ਕਾਨੂੰਨੀ ਮਾਈਨਿੰਗ ਦਾ ਪਿਛਲੇ ਕਈ ਵਰਿ੍ਹਆਂ ਤੋਂ ਅਸੀਂ ਵਿਰੋਧ ਕਰਦੇ ਆ ਰਿਹੇ ਹਾਂ, ਹੁਣ ਵੀ ਨਿਰੰਤਰ ਜਾਰੀ ਹੈ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਮੈਂ ਆਪਣੇ ਹਲਕਾ ਦਾਖਾ ਲਈ ਜੋ ਵਿਕਾਸ ਕਰਵਾਇਆ, ਹਲਕੇ ਦੇ ਹਰ ਵਰਗ ਲੋਕਾਂ ਨਾਲ ਜੋ ਪਿਆਰ ਬਣਾਇਆ, ਇਹ ਪਹਿਲਾਂ ਵਾਂਗ ਹੀ ਬਰਕਰਾਰ ਰਹੇਗਾ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਮੈਂ ਪਹਿਲਾਂ ਅਤੇ ਹੁਣ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਸੇਵਾ ਭਾਵਨਾ ਨਾਲ ਕੰਮ ਕਰ ਰਿਹਾਂ, ਜੋ ਨਿਰੰਤਰ ਜਾਰੀ ਰਹੇਗਾ |
ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹਿ ਕੇ ਸਿਧਾਂਤਾਂ 'ਤੇ ਪਹਿਰਾ ਦੇਵਾਂਗਾ-ਇਯਾਲੀ <br/>
ਅਜੀਤ ਡੈਸਕ
05-04-2026