ਅੰਮ੍ਰਿਤਸਰ, 6 ਅ੍ਰਪੈਲ (ਰੇਸ਼ਮ ਸਿੰਘ)-ਜਲੰਧਰ ਤੇ ਚੰਡੀਗੜ੍ਹ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਵੀ ਕਈ ਸਕੂਲਾਂ ਤੇ ਸਰਕਾਰੀ ਅਦਾਰਿਆਂ 'ਚ ਧਮਕੀ ਭਰੀਆਂ ਈਮੇਲਾਂ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਉਪਰੰਤ ਪੁਲਿਸ ਪ੍ਰਸ਼ਾਸਨ ਵਲੋਂ ਹਾਈ ਅਲਰਟ ਕਰਦਿਆਂ ਸ਼ਹਿਰ ਦੇ ਕਈ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਗਿਆ ਤੇ ਸਰਕਾਰੀ ਅਦਾਰਿਆਂ 'ਚ ਵੀ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਪਰ ਇਸ ਮਾਮਲੇ 'ਚ ਪੁਲਿਸ ਤੇ ਪ੍ਰਸ਼ਾਸਨ ਨਾਲ ਤਾਲਮੇਲ ਨਾ ਹੋਣਾ ਵੀ ਸਾਹਮਣੇ ਆਇਆ ਹੈ ਜਦੋਂ ਕਿ ਡੀ.ਸੀ. ਦਲਵਿੰਦਰਜੀਤ ਸਿੰਘ ਨੇ ਅੰਮ੍ਰਿਤਸਰ 'ਚ ਧਮਕੀਆਂ ਵਾਲੀਆਂ ਈਮੇਲਾਂ ਮਿਲਣ ਦੇ ਮਾਮਲੇ ਤੋਂ ਅਣਜਾਣਤਾ ਪ੍ਰਗਟਾਈ ਹੈ ਜਿਨ੍ਹਾਂ ਕਿਹਾ ਕਿ ਉਹ ਸਾਰਾ ਦਿਨ ਦਫਤਰ ਰਹੇ ਪਰ ਉਨ੍ਹਾਂ ਅਜਿਹੀ ਕੋਈ ਵੀ ਗੱਲ ਨਹੀਂ ਸੁਣੀ। ਮਿਲੇ ਵੇਰਵਿਆਂ ਅਨੁਸਾਰ ਇਥੇ ਸ਼ਹਿਰ ਦੇ ਆਸ਼ਰਮ ਪਬਲਿਕ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ ਸਕੂਲ ਨੂੰ ਇਕ ਧਮਕੀ ਭਰੀ ਮੇਲ ਪ੍ਰਾਪਤ ਹੋਈ ਸੀ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਸਕੂਲ ਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ। ਇਸ ਦੇ ਨਾਲ ਹੀ ਬੰਬ ਨਿਰੋਧਕ ਦਸਤਿਆਂ ਵਲੋਂ ਵੀ ਜਾਂਚ ਕੀਤੀ ਗਈ। ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਪ੍ਰਬੰਧਨ ਵਲੋਂ ਤੁਰੰਤ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਡੀ.ਸੀ.ਪੀ. ਆਲਮ ਵਿਜੈ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਪੁਲਿਸ ਕਮਿਸ਼ਨਰ ਦੇ ਸਕੂਲਾਂ ਤੇ ਸਰਕਾਰੀ ਦਫਤਰਾਂ 'ਚ ਧਮਕੀਆਂ ਵਾਲੀਆਂ ਈਮੇਲ ਮਿਲੀਆਂ ਸਨ ਜਿਸ ਉਪਰੰਤ ਸਰਕਾਰੀ ਦਫਤਰਾਂ ਤੇ ਸਕੂਲਾਂ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਇਸੇ ਤਰ੍ਹਾਂ ਜਦੋਂ ਡੀ.ਸੀ. ਦਲਵਿੰਦਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਉਹ ਤਾਂ ਸਾਰਾ ਦਿਨ ਆਪਣੇ ਦਫਤਰ ਹੀ ਰਹੇ ਹਨ ਪਰ ਉਨ੍ਹਾਂ ਅਜਿਹੀ ਕੋਈ ਗੱਲ ਨਹੀਂ ਸੁਣੀ।
ਅੰਮ੍ਰਿਤਸਰ ਦੇ ਸਕੂਲਾਂ ਤੇ ਸਰਕਾਰੀ ਦਫਤਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਅਜੀਤ ਡੈਸਕ
07-04-2026