ਚੰਡੀਗੜ੍ਹ, 8 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਐਲਾਨ ਕੀਤਾ ਹੈ ਕਿ ਸਨਾਤਨ ਸੇਵਾ ਸਮਿਤੀ ਪੰਜਾਬ ਵਲੋਂ 12 ਅਪ੍ਰੈਲ ਨੂੰ ਪਠਾਨਕੋਟ ਦੇ ਰਾਮਲੀਲਾ ਮੈਦਾਨ ਵਿਚ ਇੱਕ ਵਿਸ਼ਾਲ ਹਿੰਦੂ ਨਵ ਵਰਸ਼ ਮਹਾਂ ਉਤਸਵ ਕਰਵਾਇਆ ਜਾਵੇਗਾ | ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਜਿਸ ਵਿਚ ਸਨਾਤਨ ਸੇਵਾ ਸਮਿਤੀ ਦੇ ਰਾਸ਼ਟਰੀ ਪ੍ਰਧਾਨ ਵਿਜੇ ਕੁਮਾਰ ਸ਼ਰਮਾ, ਮਾਝਾ ਜ਼ੋਨ ਦੇ ਇੰਚਾਰਜ ਪ੍ਰਣਵ ਧਵਨ ਤੇ ਪਠਾਨਕੋਟ ਤੋਂ ਰੋਹਿਤ ਸਿਆਲ ਵੀ ਸ਼ਾਮਿਲ ਸਨ, ਦੀਪਕ ਬਾਲੀ ਨੇ ਕਿਹਾ ਕਿ ਅਧਿਆਤਮਕਤਾ ਤੇ ਧਾਰਮਿਕ ਕਦਰਾਂ-ਕੀਮਤਾਂ ਜੀਵਨ ਦਾ ਅਨਿੱਖੜਵਾਂ ਅੰਗ ਹਨ ਤੇ ਸਨਾਤਨ ਸੇਵਾ ਸਮਿਤੀ ਵਰਗੀਆਂ ਸਮਾਜਿਕ ਸੰਸਥਾਵਾਂ ਇਸ ਅਮੀਰ ਵਿਰਸੇ ਨੂੰ ਸੰਭਾਲਣ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਆਗਾਮੀ ਸਮਾਗਮ ਦੇ ਵੇਰਵੇ ਸਾਂਝੇ ਕਰਦਿਆਂ ਬਾਲੀ ਨੇ ਦੱਸਿਆ ਕਿ ਪੂਰੇ ਪੰਜਾਬ ਤੋਂ ਪ੍ਰਮੁੱਖ ਹਿੰਦੂ ਸੰਤ ਇਸ ਵਿਚ ਹਿੱਸਾ ਲੈਣਗੇ | ਇਸ ਮੌਕੇ ਮਸ਼ਹੂਰ ਗਾਇਕ ਰੌਸ਼ਨ ਪਿ੍ੰਸ ਵੀ ਆਪਣੀ ਪੇਸ਼ਕਾਰੀ ਦੇਣਗੇ¢ ਉਨ੍ਹਾਂ ਅੱਗੇ ਦੱਸਿਆ ਕਿ ਮਨੀਸ਼ ਸਿਸੋਦੀਆ, ਅਮਨ ਅਰੋੜਾ, ਮੰਤਰੀ ਲਾਲ ਚੰਦ ਕਟਾਰੂਚੱਕ, ਮੋਹਿੰਦਰ ਭਗਤ, ਬਰਿੰਦਰ ਗੋਇਲ ਅਤੇ ਕਈ ਵਿਧਾਇਕਾਂ ਸਮੇਤ ਸੀਨੀਅਰ ਆਗੂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ¢