ਸੰਗਰੂਰ, 8 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿ. ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ | ਅੱਜ 'ਅਜੀਤ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਿਆਂ ਨੂੰ ਵਿਧਾਨ ਸਭਾ ਚੋਣਾਂ ਵਿਚ ਸਬਕ ਸਿਖਾਉਣ ਲਈ ਪੰਥਕ ਧਿਰਾਂ ਨਾਲ ਗੱਲਬਾਤ ਕੀਤੀ ਜਾਵੇਗੀ | ਪੁੱਛੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਪੰਥਕ ਧਿਰਾਂ ਨੂੰ ਚੋਣਾਂ ਦੇ ਇੱਕ ਪਲੇਫਾਰਮ 'ਤੇ ਲਿਆਉਣ ਲਈ ਵਾਰਿਸ ਪੰਜਾਬ ਦੇ, ਅਕਾਲੀ ਦਲ (ਅੰਮਿ੍ਤਸਰ), ਸੰਯੁਕਤ ਅਕਾਲੀ ਦਲ ਆਦਿ ਨਾਲ ਸੰਪਰਕ ਕੀਤਾ ਜਾਵੇਗਾ | ਪਾਰਟੀ ਦਾ ਦਿ੍ਸ਼ਟੀ ਦਸਤਾਵੇਜ਼ (ਵਿਜ਼ਨ ਡਾਕੂਮੈਂਟ) ਤਿਆਰ ਹੈ ਅਤੇ ਅੱਜ ਦੀ ਮੀਟਿੰਗ ਵਿਚ ਇਸਨੂੰ ਜਨਤਕ ਕਰਨ ਸਬੰਧੀ ਫ਼ੈਸਲਾ ਲੈ ਲਿਆ ਜਾਵੇਗਾ | ਇਸੇ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਪਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਿਆਂ ਨਾਲ ਨਹੀਂ ਜਾ ਸਕਦੇ |