ਬੁਢਲਾਡਾ, 9 ਅਪ੍ਰੈਲ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)-ਬਹੁਜਨ ਸਮਾਜ ਪਾਰਟੀ ਵਲੋਂ 'ਪੰਜਾਬ ਸੰਭਾਲੋ' ਮੁਹਿੰਮ ਤਹਿਤ ਇੱਥੇ ਵਿਸ਼ਾਲ ਰੈਲੀ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ | ਬੁਲਾਰਿਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਰਵਾਇਤੀ ਪਾਰਟੀਆਂ ਨੂੰ ਛੱਡ ਬਸਪਾ ਦੇ ਹੱਥ ਮਜ਼ਬੂਤ ਕਰਨ ਤਾਂ ਕਿ ਪੰਜਾਬ ਨੂੰ ਤਰੱਕੀ ਵੱਲ ਲਿਜਾਇਆ ਜਾਵੇ | ਪਾਰਟੀ ਦੇ ਕੇਂਦਰੀ ਕੁਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਸਮੇਂ-ਸਮੇਂ 'ਤੇ ਪੰਜਾਬ ਦੀ ਸੱਤਾ 'ਤੇ ਕਾਬਜ਼ ਰਹਿਣ ਵਾਲੀਆਂ ਰਾਜਨੀਤਿਕ ਪਾਰਟੀਆਂ ਨੇ ਸੂਬੇ ਨੂੰ ਕਰਜ਼ੇ ਦੀ ਦਲਦਲ 'ਚ ਹੀ ਨਹੀਂ ਫਸਾਇਆ ਬਲਕਿ ਨਸ਼ਿਆਂ ਦਾ ਫੈਲਾਅ ਕਰਵਾਉਣ ਦੇ ਨਾਲ ਹੀ ਬੇਰੁਜ਼ਗਾਰੀ 'ਚ ਵੀ ਅਥਾਹ ਵਾਧਾ ਕੀਤਾ ਹੈ | ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਵਲੋਂ ਸ਼ੁਰੂ ਕੀਤੀ 'ਪੰਜਾਬ ਸੰਭਾਲੋ' ਮੁਹਿੰਮ ਸੂਬੇ ਦੀ ਰਾਜਨੀਤੀ 'ਚੋਂ ਡਰੱਗ ਮਾਫ਼ੀਆ ਦੀਆਂ ਜੜ੍ਹਾਂ ਪੁੱਟਣ ਦਾ ਕੰਮ ਕਰੇਗੀ ਤੇ ਰਾਜ ਨੂੰ ਨਸ਼ਾ ਮੁਕਤ ਸੂਬਾ ਬਣਾਏਗੀ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪਿਛਲੇ ਦਿਨੀਂ ਹੋਈ ਗੜੇਮਾਰੀ ਨਾਲ ਬਰਬਾਦ ਹੋਈਆਂ ਫ਼ਸਲਾਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਮੁਆਵਜ਼ੇ ਦਾ ਤੁਰੰਤ ਐਲਾਨ ਕਰੇ | ਉਨ੍ਹਾਂ ਦੱਸਿਆ ਕਿ ਬਸਪਾ ਵਲੋਂ 10 ਅਪ੍ਰੈਲ ਨੂੰ ਨਿਹਾਲ ਸਿੰਘ ਵਾਲਾ, 11 ਨੂੰ ਫ਼ਿਰੋਜ਼ਪੁਰ ਅਤੇ 14 ਅਪ੍ਰੈਲ ਨੂੰ ਧੂਰੀ ਤੇ ਤਲਵੰਡੀ ਸਾਬੋ ਵਿਖੇ ਕਾਨਫ਼ਰੰਸਾਂ ਕੀਤੀਆਂ ਜਾਣਗੀਆਂ | ਸਾਬਕਾ ਵਿਧਾਇਕ ਡਾ. ਨਛੱਤਰ ਪਾਲ ਤੇ ਜ਼ੋਨ ਕੋਆਰਡੀਨੇਟਰ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਗ਼ਰੀਬ, ਮਜ਼ਦੂਰ ਅਤੇ ਦਲਿਤ ਲੋਕਾਂ ਦੀਆਂ ਵੋਟਾਂ ਨਾਲ ਸੱਤਾ ਹਾਸਲ ਕਰਨ ਉਪਰੰਤ ਲੋਕਾਈ ਨਾਲ ਵਾਅਦੇ ਪੂਰੇ ਨਾ ਕਰ ਕੇ ਧਰੋਹ ਕਮਾਇਆ ਹੈ |