ਅੰਮਿ੍ਤਸਰ, 9 ਅਪ੍ਰੈਲ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਸ੍ਰੀ ਦਰਬਾਰ ਸਾਹਿਬ ਅਤੇ ਗੁ: ਸ੍ਰੀ ਟਾਹਲੀ ਸਾਹਿਬ (ਸੰਤੋਖਸਰ ਸਾਹਿਬ) ਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ਼ਰਧਾ ਸਹਿਤ ਮਨਾਇਆ ਗਿਆ | ਪ੍ਰਕਾਸ਼ ਪੁਰਬ ਮੌਕੇ ਅੱਜ ਸ੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਗੁ: ਬਾਬਾ ਅਟੱਲ ਰਾਇ ਜੀ ਵਿਖੇ ਸਵੇਰ ਤੋਂ ਦੁਪਹਿਰ ਤੱਕ ਸੁੰਦਰ ਜਲੌਅ ਸਜਾ ਕੇ ਇਤਿਹਾਸਕ ਵਸਤੂਆਂ ਸੰਗਤਾਂ ਦੇ ਦਰਸ਼ਨਾਂ ਲਈ ਪ੍ਰਦਰਸ਼ਿਤ ਕੀਤੀਆਂ ਗਈਆਂ | ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਤੇ ਗੁ: ਸ੍ਰੀ ਟਾਹਲੀ ਸਾਹਿਬ ਵਿਖੇ ਦੀਪਮਾਲਾ ਵੀ ਕੀਤੀ ਗਈ | ਪ੍ਰਕਾਸ਼ ਪੁੁਰਬ ਮੌਕੇ ਅੱਜ ਸ਼੍ਰੋਮਣੀ ਕਮੇਟੀ ਵਲੋਂ ਸਥਾਨਕ ਵਿਰਾਸਤੀ ਮਾਰਗ ਵਿਚ ਭਾਈ ਗੁਰਦਾਸ ਹਾਲ ਨਜ਼ਦੀਕ ਸਥਿਤ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਸੰਤੋਖਸਰ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ | ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਬਲਵਿੰਦਰ ਸਿੰਘ ਨੇ ਗੁਰ-ਸ਼ਬਦ ਦੀ ਵਿਚਾਰ ਕਰਦਿਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਤੋਂ ਜਾਣੰੂ ਕਰਵਾਇਆ | ਰਾਗੀ ਜਥਿਆਂ ਨੇ ਕੀਰਤਨ ਗਾਇਣ ਕੀਤਾ ਅਤੇ ਭਾਈ ਗੁਰਇਕਬਾਲ ਸਿੰਘ ਭਲਾਈ ਕੇਂਦਰ ਵਾਲਿਆਂ ਸਮੇਤ ਪੰਥ ਪ੍ਰਸਿੱਧ ਕਥਾਵਾਚਕਾਂ ਨੇ ਸੰਗਤਾਂ ਨਾਲ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੀ ਸਾਂਝ ਪਾਈ | ਇਨ੍ਹਾਂ ਸਮਾਗਮਾਂ ਦੌਰਾਨ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੱਤੀ ਤੇ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਮਨੁੱਖਤਾ ਲਈ ਚਾਨਣ-ਮੁਨਾਰਾ ਹੈ | ਗੁਰਦੁਆਰਾ ਸਾਹਿਬ ਵਿਖੇ ਰਾਤ ਸਮੇਂ ਦੀਪਮਾਲਾ ਕੀਤੀ ਗਈ ਤੇ ਆਤਿਸ਼ਬਾਜ਼ੀ ਚਲਾਈ ਗਈ | ਕਾਰ ਸੰਪ੍ਰਦਾਇ ਭੂਰੀ ਵਾਲਿਆਂ ਅਤੇ ਸੇਵਕ ਜਥਾ ਇਸ਼ਨਾਨ ਵਲੋਂ ਵੱਖ-ਵੱਖ ਪਦਾਰਥਾਂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਸ਼੍ਰੋਮਣੀ ਕਮੇਟੀ ਅੰਤਿ੍ੰਗ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਹਰਜਿੰਦਰ ਕੌਰ, ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਓ.ਐੱਸ.ਡੀ. ਸਤਬੀਰ ਸਿੰਘ ਧਾਮੀ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ, ਵਧੀਕ ਮੈਨੇਜਰ ਬਿਕਰਮਜੀਤ ਸਿੰਘ ਝੰਗੀ, ਗੁਰਵਿੰਦਰ ਸਿੰਘ ਦੇਵੀਦਾਸਪੁਰਾ, ਸੇਵਕ ਜਥਾ ਇਸ਼ਨਾਨ ਦੇ ਮੁੱਖ ਸੇਵਾਦਾਰ ਤਰਲੋਚਨ ਸਿੰਘ, ਬਲਬੀਰ ਸਿੰਘ, ਮਨਜੀਤ ਸਿੰਘ, ਗਿਆਨੀ ਯਾਦਵਿੰਦਰ ਸਿੰਘ, ਪ੍ਰਚਾਰਕ ਭਾਈ ਸਤਵੰਤ ਸਿੰਘ ਆਦਿ ਹਾਜ਼ਰ ਸਨ |