ਚੰਡੀਗੜ੍ਹ, 10 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ 'ਆਪ' ਸਰਕਾਰ ਮਾੜੇ ਵਿੱਤੀ ਪ੍ਰਬੰਧਾਂ ਰਾਹੀਂ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇਣ ਵਰਗੇ ਰੋਜ਼ਾਨਾ ਦੇ ਖਰਚੇ ਚਲਾਉਣ ਲਈ ਵੀ ਬੇਲਗਾਮ ਕਰਜ਼ੇ ਲੈ ਕੇ ਅਗਲੀ ਸਰਕਾਰ ਵਾਸਤੇ ਭਾਰੀ ਵਿੱਤੀ ਬੋਝ ਤਿਆਰ ਕਰ ਰਹੀ ਹੈ | ਵੜਿੰਗ ਨੇ ਕਿਹਾ ਕਿ ਸਰਕਾਰ ਵਲੋਂ ਸੂਬੇ ਦੀ ਵਿੱਤੀ ਹਾਲਤ 'ਤੇ ਵਾਈਟ ਪੇਪਰ ਜਾਰੀ ਕਰਨ ਵਿਚ ਨਾਕਾਮ ਰਹਿਣ ਕਾਰਨ ਕਾਂਗਰਸ ਹੁਣ 'ਆਪ' ਸਰਕਾਰ ਖ਼ਿਲਾਫ਼ ਇਕ ਵਿਸਥਾਰਪੂਰਕ ਵਿੱਤੀ ਚਾਰਜਸ਼ੀਟ ਲਿਆਏਗੀ ਕਿ ਕਿਵੇਂ ਬਿਨਾਂ ਨਵੇਂ ਸਰੋਤ ਪੈਦਾ ਕੀਤੇ ਫ਼ਜ਼ੂਲ ਖਰਚ ਕਰਕੇ ਸੂਬੇ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ |