ਬਰਨਾਲਾ, 10 ਅਪ੍ਰੈਲ (ਅਸ਼ੋਕ ਭਾਰਤੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 41ਵੀਂ ਕਨਵੋਕੇਸ਼ਨ ਮੌਕੇ ਵਾਈਸ-ਚਾਂਸਲਰ ਡਾ: ਜਗਦੀਪ ਸਿੰਘ ਦੀ ਅਗਵਾਈ ਹੇਠ ਗੁਰੂ ਤੇਗ਼ ਬਹਾਦਰ ਹਾਲ ਵਿਖੇ ਪੰਜਾਬ ਦੇ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ 457 ਖੋਜਾਰਥੀਆਂ ਨੂੰ ਪੀ-ਐਚ. ਡੀ. ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ | ਇਸ ਮੌਕੇ ਬਰਨਾਲਾ ਦੇ ਜੰਮਪਲ ਡਾ: ਗੁਰਜੰਟ ਸਿੰਘ ਨੂੰ ਵੀ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਪੀ-ਐਚ. ਡੀ. ਦੀ ਡਿਗਰੀ ਪ੍ਰਦਾਨ ਕੀਤੀ ਗਈ | ਡਾ: ਗੁਰਜੰਟ ਸਿੰਘ ਨੇ 'ਪੰਜਾਬ ਦੇ ਲੋਕ-ਕਿੱਤਿਆਂ ਦੇ ਰੂਪਾਂਤਰਨ ਦਾ ਸੱਭਿਆਚਾਰਕ ਅਧਿਐਨ' ਵਿਸ਼ੇ ਉੱਪਰ ਖੋਜ ਕਾਰਜ ਕੀਤਾ | ਗੁਰਜੰਟ ਸਿੰਘ ਨੇ ਆਪਣਾ ਖੋਜ ਕਾਰਜ ਸਾਬਕਾ ਡੀ. ਪੀ. ਆਈ. (ਕਾਲਜ) ਪੰਜਾਬ ਪ੍ਰੋ: (ਡਾ:) ਜਗਤਾਰ ਸਿੰਘ ਜੋਗਾ ਦੀ ਅਗਵਾਈ ਅਧੀਨ ਮੁਕੰਮਲ ਕੀਤਾ | ਗਾਈਡ ਅਧਿਆਪਕ ਡਾ: ਜੋਗਾ ਨੇ ਕਿਹਾ ਕਿ ਇਸ ਖੋਜ ਤਹਿਤ ਪੰਜਾਬ ਦੇ ਖੇਤੀਬਾੜੀ, ਤਰਖਾਣਾ, ਲੁਹਾਰਾ, ਘੁਮਿਆਰਾ, ਸੁਨਿਆਰਾ, ਮੋਚੀ, ਠਠਿਆਰਾ ਅਤੇ ਮੋਚੀ ਕਿੱਤਿਆਂ ਬਾਰੇ ਬਹੁਪੱਖੀ ਅਧਿਐਨ ਕੀਤਾ ਗਿਆ ਹੈ ਜਿਹੜਾ ਕਿ ਨਵੇਂ ਖੋਜਰਾਥੀਆਂ ਲਈ ਹਮੇਸ਼ਾ ਮਾਰਗਦਰਸ਼ਨ ਬਣਦਾ ਰਹੇਗਾ | ਇਸ ਸ਼ਾਨਦਾਰ ਪ੍ਰਾਪਤੀ 'ਤੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਅਤੇ ਡੀਨ (ਭਾਸ਼ਾਵਾਂ) ਪ੍ਰੋ: (ਡਾ:) ਰਾਜਿੰਦਰਪਾਲ ਸਿੰਘ ਬਰਾੜ, ਸਾਬਕਾ ਪਿ੍ੰਸੀਪਲ ਡਾ: ਨਵਿੰਦਰ ਸਿੰਘ ਪੰਧੇਰ, ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਤੋਂ ਪ੍ਰੋ: (ਡਾ:) ਦਵਿੰਦਰ ਸਿੰਘ, ਮਾਲਵਾ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਡਾ: ਸੰਪੂਰਨ ਸਿੰਘ ਟੱਲੇਵਾਲੀਆ, ਸਾਹਿਤ ਸਭਾ ਦੇ ਸਰਪ੍ਰਸਤ ਉੱਘੇ ਲੇਖਕ ਜਗਰਾਜ ਸਿੰਘ ਧੌਲਾ, ਸਾਬਕਾ ਡਿਪਟੀ ਡਾਇਰੈਕਟਰ ਗੁਰਚਰਨ ਸਿੰਘ ਪੰਛੀ ਨੇ ਵਧਾਈ ਦਿੱਤੀ |