ਚੰਡੀਗੜ੍ਹ, 10 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬਾ ਲਗਾਤਾਰ ਕਰਜ਼ੇ ਦੇ ਜਾਲ ਵਿਚ ਫ਼ਸਦਾ ਜਾ ਰਿਹਾ ਹੈ | ਸਿਰਫ਼ ਤਿੰਨ ਮਹੀਨਿਆਂ ਵਿਚ ਲਗਭਗ 9,500 ਕਰੋੜ ਰੁਪਏ ਦਾ ਕਰਜ਼ਾ ਸਰਕਾਰ ਦੀ ਵਿੱਤੀ ਯੋਜਨਾਬੰਦੀ ਦੀ ਅਸਫਲਤਾ ਨੂੰ ਦਰਸਾਉਂਦਾ ਹੈ | ਰਿਪੋਰਟਾਂ ਅਨੁਸਾਰ ਸਰਕਾਰ 2026-27 ਲਈ ਲਗਭਗ 40 ਹਜ਼ਾਰ ਕਰੋੜ ਕਰਜ਼ਾ ਲੈਣ ਦੀ ਯੋਜਨਾ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੇ ਮੌਜੂਦਾ ਵਿੱਤੀ ਹਾਲਾਤ 'ਤੇ ਤੁਰੰਤ ਵਾਈਟ ਪੇਪਰ ਜਾਰੀ ਕਰੇ | ਰੰਧਾਵਾ ਨੇ ਕਿਹਾ ਕਿ ਜੇਕਰ ਇਹ ਸਥਿਤੀ ਜਾਰੀ ਰਹੀ, ਤਾਂ ਆਉਣ ਵਾਲੇ ਸਾਲਾਂ ਵਿਚ ਪੰਜਾਬ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ |