ਅਟਾਰੀ ਸਰਹੱਦ (ਅੰਮਿ੍ਤਸਰ), 10 ਅਪ੍ਰੈਲ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਰਾਵਲਪਿੰਡੀ ਵਿਖੇ ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਭਾਰਤ ਤੋਂ ਗਏ ਸਿੱਖ ਸ਼ਰਧਾਲੂਆਂ ਵਿਚ ਚਾਹਤ ਰੱਖਣ ਵਾਲੇ ਸੈਂਕੜੇ ਸ਼ਰਧਾਲੂ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਤੋਂ ਵਾਂਝੇ ਰਹਿ ਗਏ ਹਨ ਜੋ ਅੱਜ ਸਵੇਰੇ ਤੜਕੇ ਤੋਂ ਹੀ ਭਾਰਤ ਦੀ ਅਟਾਰੀ ਸਰਹੱਦ 'ਤੇ ਪਾਕਿਸਤਾਨ ਜਾਣ ਦੀ ਉਡੀਕ ਵਿਚ ਸਨ | ਭਾਰਤ ਸਰਕਾਰ ਵਲੋਂ ਇਨ੍ਹਾਂ ਸ਼ਰਧਾਲੂਆਂ ਨੂੰ ਵੀਜ਼ਾ ਲੱਗਣ ਦੇ ਬਾਵਜੂਦ ਵੀ ਪਾਕਿ ਜਾਣ ਦੀ ਇਹ ਇਜਾਜ਼ਤ ਨਹੀਂ ਦਿੱਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਕੀਰਤ ਸਿੰਘ ਚਮਕੌਰ ਸਾਹਿਬ, ਜਸਵੰਤ ਸਿੰਘ ਨਾਲਾਗੜ੍ਹ ਹਿਮਾਚਲ, ਸਵਰਨ ਸਿੰਘ, ਸੁਰਿੰਦਰ ਸਿੰਘ ਬੰਗਾ, ਜਸਵਿੰਦਰ ਸਿੰਘ ਕਾਮਾ, ਸਤਨਾਮ ਸਿੰਘ ਆਸਟਰੇਲੀਆ ਨੇ ਦੱਸਿਆ ਕਿ ਉਨ੍ਹਾਂ ਦੇ ਵੀਜ਼ੇ ਭਾਰਤ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦਿੱਲੀ ਵਿਖੇ ਪਰਮਜੀਤ ਸਿੰਘ ਜੱਜੇਆਣੀ ਵਲੋਂ ਲਗਾ ਕੇ ਦਿੱਤੇ ਗਏ ਸਨ ਤੇ ਉਹ ਅੱਜ ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ 'ਤੇ ਪੁੱਜੇ ਸਨ, ਜਿਥੇ ਕਿ ਸਰਹੱਦ ਦੇ ਬਾਹਰ ਬੈਠੇ ਭਾਰਤੀ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਵਲੋਂ ਵੀਜ਼ਿਆਂ ਨੂੰ ਜਾਂਚ ਪੜਤਾਲ ਕਰਨ ਤੋਂ ਬਾਅਦ ਦੱਸਿਆ ਗਿਆ ਕਿ ਉਨ੍ਹਾਂ ਦੀ ਭਾਰਤ ਸਰਕਾਰ ਵਲੋਂ ਕੋਈ ਪ੍ਰਵਾਨਗੀ ਨਾ ਹੋਣ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਨਹੀਂ ਭੇਜਿਆ ਜਾ ਸਕਦਾ | ਇਨ੍ਹਾਂ ਸ਼ਰਧਾਲੂਆਂ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਅਗਰ ਉਨ੍ਹਾਂ 'ਤੇ ਕੋਈ ਗ਼ੈਰ-ਕਾਨੂੰਨੀ ਘਟਨਾਵਾਂ ਦੇ ਪਰਚੇ ਜਾਂ ਦੋਸ਼ ਹਨ, ਬੇਸ਼ੱਕ ਰੋਕਿਆ ਜਾਵੇ ਨਹੀਂ ਤਾਂ ਜਾਣ ਬੁੱਝ ਕੇ ਜਲੀਲ ਨਾ ਕੀਤਾ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਲਈ ਨਾ ਭੇਜਿਆ ਗਿਆ ਤਾਂ ਉਹ ਅਟਾਰੀ ਸਰਹੱਦ 'ਤੇ ਆਉਣ ਵਾਲੇ ਦਿਨਾਂ ਵਿਚ ਪੱਕੇ ਤੌਰ 'ਤੇ ਧਰਨਾ ਲਗਾਉਣਗੇ |