ਚੰਡੀਗੜ੍ਹ, 11 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨੇ ਚਲੰਤ ਵਿੱਦਿਅਕ ਸੈਸ਼ਨ ਵਿਚ ਨਵੇਂ ਵਿਸ਼ੇ ਕੰਪੂਟੇਸ਼ਨਲ ਥਿੰਕਿੰਗ (ਗਿਣਨਾਤਮਕ ਸੋਚ) ਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਮਸ਼ੀਨੀ ਬੁੱਧੀਮਤਾ) ਤੀਜੀ ਤੋਂ ਅੱਠਵੀਂ ਜਮਾਤਾਂ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਲਈ ਸਕੂਲਾਂ ਦੇ ਅਧਿਆਪਕਾਂ ਨੂੰ ਇਨ੍ਹਾਂ ਵਿਸ਼ਿਆਂ ਦਾ ਗਿਆਨ ਦੇਣ ਲਈ ਸਿਖਲਾਈ ਕੈਂਪ ਲਾਏ ਜਾਣਗੇ | ਇਸ ਸੰਬੰਧੀ ਕੇਂਦਰੀ ਸੈਕੰਡਰੀ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਪੱਤਰ ਵਿਚ ਦੱਸਿਆ ਕਿ ਦੇਸ਼ ਦੇ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਹੁਨਰਾਂ ਅਤੇ ਯੋਗਤਾਵਾਂ ਦੇ ਸਮਰੱਥ ਬਣਾਉਣ ਲਈ ਵਿੱਦਿਅਕ ਸੈਸ਼ਨ 2026-27 ਵਿਚ ਗਿਣਨਾਤਮਕ ਸੋਚ ਅਤੇ ਮਸ਼ੀਨੀ ਬੁੱਧੀਮਤਾ ਵਿਸ਼ਿਆਂ ਦਾ ਪਾਠਕ੍ਰਮ ਲਾਗੂ ਕੀਤਾ ਗਿਆ ਹੈ |