ਸ੍ਰੀ ਨਨਕਾਣਾ ਸਾਹਿਬ, 12 ਅਪ੍ਰੈਲ (ਅਵਤਾਰ ਸਿੰਘ ਰੰਧਾਵਾ, ਸਤਬੀਰ ਸਿੰਘ ਘੁੰਮਣ)-ਭਾਰਤ ਤੋਂ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਕਰਨ ਲਈ 10 ਅਪ੍ਰੈਲ ਨੂੰ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਸੀ, ਜਿੱਥੇ ਨਨਕਾਣਾ ਸਾਹਿਬ ਸਥਿਤ ਵੱਖ-ਵੱਖ ਗੁਰੂ ਘਰਾਂ ਵਿਚ ਨਤਮਸਤਕ ਹੁੰਦਿਆਂ ਸੰਗਤਾਂ ਨੇ ਦੋ ਦਿਨ ਦਾ ਠਹਿਰਾਓ ਕੀਤਾ | ਅੱਜ ਸ੍ਰੀ ਨਨਕਾਣਾ ਸਾਹਿਬ ਵਿਖੇ ਪਵਿੱਤਰ ਸੰਗਰਾਂਦ ਦਾ ਦਿਹਾੜਾ ਮਨਾਉਣ ਉਪਰੰਤ ਸ਼ਰਧਾਲੂਆਂ ਦਾ ਜਥਾ ਬੱਸਾਂ ਰਾਹੀਂ ਰਵਾਨਾ ਹੋਇਆ | ਨਨਕਾਣਾ ਸਾਹਿਬ ਵਿਖੇ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ | ਇਸ ਮੌਕੇ ਗੋਪਾਲ ਸਿੰਘ ਗੋਪੀ ਚਾਵਲਾ ਪਾਕਿਸਤਾਨੀ ਸਿੱਖ ਆਗੂ ਨੇ ਜਥੇ 'ਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਿੱਖ ਆਗੂ ਮਹਿਤਾਬ ਸਿੰਘ, ਹਰਜੀਤ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ ਚੰਡੋਕ, ਗਿਆਨ ਸਿੰਘ ਮੈਂਬਰ ਪ੍ਰਬੰਧਕ ਕਮੇਟੀ, ਮੁੱਖ ਗ੍ਰੰਥੀ ਦਿਆਲ ਸਿੰਘ, ਗਿਆਨੀ ਬਲਵੰਤ ਸਿੰਘ, ਗਿਆਨੀ ਪ੍ਰੇਮ ਸਿੰਘ, ਬਹਾਦਰ ਸਿੰਘ, ਜਗਜੀਤ ਸਿੰਘ ਆਦਿ ਨੇ ਭਾਰਤ ਤੋਂ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਤੇ ਕਿਹਾ ਕਿ ਜਿਵੇਂ ਪਾਕਿਸਤਾਨ ਸਰਕਾਰ ਭਾਰਤ ਤੋਂ ਪਹੁੰਚੀਆਂ ਸੰਗਤਾਂ ਦਾ ਦਿਲੋਂ ਸਤਿਕਾਰ ਕਰਦੀ ਹੈ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਲਈ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ | ਇਸੇ ਤਰ੍ਹਾਂ ਭਾਰਤ ਸਰਕਾਰ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖ ਕੇ ਜਥਿਆਂ ਦੀ ਆਵਾਜਾਈ ਵਿਚ ਖੁੱਲਦਿਲੀ ਵਿਖਾਵੇ | ਉਨ੍ਹਾਂ ਕਿਹਾ ਕਿ ਜਲਦੀ ਤੋਂ ਜਲਦੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਪ੍ਰਵਾਨਗੀ ਦਿੱਤੀ ਜਾਵੇ |
ਨਨਕਾਣਾ ਸਾਹਿਬ ਤੋਂ ਸੰਗਤਾਂ ਗੁਰਦੁਆਰਾ ਸੱਚਾ ਸੌਦਾ ਵਿਖੇ ਪਹੁੰਚੀਆਂ
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪੰਜਾ ਸਾਹਿਬ ਨੂੰ ਜਾਂਦੇ ਹੋਏ ਰਸਤੇ ਵਿਚ ਫਰੂਕਾਬਾਦ ਚੂੜਕਾਣਾ ਵਿਖੇ ਗੁਰਦੁਆਰਾ ਸੱਚਾ ਸੌਦਾ ਵਿਖੇ ਸੰਗਤਾਂ ਨਤਮਸਤਕ ਹੋਈਆਂ | ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘਾਂ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਨੇ ਗੁਰੂ ਜੀ ਨੂੰ ਸੰਸਾਰਿਕ ਕਾਰੋਬਾਰ ਸ਼ੁਰੂ ਕਰਨ ਲਈ 20 ਰੁਪਏ ਦਿੱਤੇ ਸਨ | ਇਸ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਚੂੜਕਾਣੇ ਵਿਖੇ ਪਹੁੰਚੇ, ਜਿੱਥੇ ਪਿਤਾ ਜੀ ਵਲੋਂ ਮਿਲੀ ਰਾਸ਼ੀ ਨਾਲ ਰੱਬ ਦੀ ਬੰਦਗੀ ਵਾਲੇ ਸਾਧੂਆਂ ਨੂੰ ਲੰਗਰ ਛਕਾ ਕੇ ਖਰਾ ਸੌਦਾ ਕੀਤਾ | ਇਥੋਂ ਸੰਗਤਾਂ ਬੱਸਾਂ 'ਚ ਸਵਾਰ ਹੋ ਕੇ ਅਗਲੇ ਪੜਾਅ ਵੱਲ ਰਵਾਨਾ ਹੋਈਆਂ |
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚੀਆਂ ਸੰਗਤਾਂ ਨੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਕੀਤੀ ਮੰਗ
ਅਜੀਤ ਡੈਸਕ
13-04-2026