ਤਰਨ ਤਾਰਨ, 14 ਅਪ੍ਰੈਲ (ਪਰਮਜੀਤ ਜੋਸ਼ੀ)-ਪਿਛਲੇ ਦਿਨੀਂ ਪਈ ਬਾਰਿਸ਼ ਤੇ ਗੜੇਮਾਰੀ ਦੇ ਚੱਲਦਿਆਂ ਪੰਜਾਬ ਭਰ 'ਚ ਕਣਕ ਦੀ ਫਸਲ ਨੂੰ ਜਿਥੇ ਵੱਡਾ ਨੁਕਸਾਨ ਪੁੱਜਾ ਹੈ, ਉਥੇ ਕਣਕ ਦਾ ਦਾਣਾ ਬਾਰੀਕ ਤੇ ਕਣਕ ਗਿੱਲੀ ਹੋਈ, ਜਿਸਦੇ ਚੱਲਦਿਆਂ ਪੰਜਾਬ ਦੀਆਂ ਮੰਡੀਆਂ ਵਿਚ ਸਰਕਾਰੀ ਖਰੀਦ ਏਜੰਸੀਆਂ ਵਲੋਂ ਕਣਕ ਦੀ ਖਰੀਦ ਸ਼ੁਰੂ ਨਹੀਂ ਕੀਤੀ ਜਾ ਸਕੀ ਜਦਕਿ ਮੰਡੀ ਵਿਚ ਕਿਸਾਨਾਂ ਵਲੋਂ ਕਣਕ ਦੀ ਫਸਲ ਲਿਆਂਦੀ ਜਾ ਰਹੀ ਹੈ ਪਰ ਕੇਂਦਰ ਵਲੋਂ ਖ਼ਰਾਬ ਹੋਏ ਦਾਣੇ ਸੰਬੰਧੀ ਕੋਈ ਫੈਸਲਾ ਨਾ ਲੈਣ ਦੇ ਚੱਲਦਿਆਂ ਖਰੀਦ ਦਾ ਕੰਮ ਰੁਕਿਆ ਪਿਆ ਹੈ | ਕੇਂਦਰ ਵਲੋਂ ਇਸਦੀ ਜਾਂਚ ਲਈ ਕੇਂਦਰੀ ਟੀਮ ਦਾ ਗਠਨ ਕੀਤਾ ਗਿਆ ਹੈ, ਜੋਕਿ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਣਕ ਦੇ ਸੈਂਪਲ ਭਰ ਰਹੀਆਂ ਹਨ | ਜਿਸ ਤਹਿਤ ਮੰਗਲਵਾਰ ਨੂੰ ਤਰਨ ਤਾਰਨ ਦੀ ਦਾਣਾ ਮੰਡੀ ਵਿਚ ਵੀ ਕੇਂਦਰੀ ਟੀਮ ਪਹੁੰਚੀ ਤੇ ਕਣਕ ਦੀਆਂ ਢੇਰੀਆਂ ਤੋਂ ਸੈਂਪਲ ਭਰੇ ਗਏ | ਇਸ ਮੌਕੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਏ.ਜੀ.ਐੱਮ. (ਕਿਊ ਸੀ) ਧਰਮਾ ਰਾਓ ਆਪਣੀ ਟੀਮ ਸਮੇਤ ਪਹੁੰਚੇ, ਜਿਨ੍ਹਾਂ ਵਲੋਂ ਮੰਡੀ ਵਿਚ ਪਈਆਂ ਵੱਖ-ਵੱਖ ਕਣਕ ਦੀਆਂ ਢੇਰੀਆਂ ਦੀ ਜਾਂਚ ਕਰਕੇ ਉਥੋਂ ਸੈਂਪਲ ਭਰੇ ਗਏ | ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਜਿਹੜੇ ਸੈਂਪਲ ਭਰੇ ਗਏ ਹਨ, ਉਨ੍ਹਾਂ ਨੂੰ ਕੇਂਦਰ ਕੋਲ ਭੇਜ ਦਿੱਤਾ ਜਾਵੇਗਾ ਅਤੇ ਇਕ-ਦੋ ਦਿਨ ਵਿਚ ਰਿਪੋਰਟ ਆਉਣ ਤੋਂ ਬਾਅਦ ਕਣਕ ਦੀ ਖਰੀਦ ਸੰਬੰਧੀ ਫੈਸਲਾ ਲਿਆ ਜਾਵੇਗਾ | ਇਸ ਮੌਕੇ ਡੀ.ਐੱਫ.ਐੱਸ.ਓ. ਓਮੇਸ਼ ਕੁਮਾਰ ਤਰਨ ਤਾਰਨ, ਟੀਮ ਦੇ ਨਾਲ ਆਏ ਡੀ.ਐੱਫ.ਐੇੱਸ.ਓ. ਨਕੋਦਰ ਰਾਹੁਲ ਬੱਸੀ, ਏ.ਐੱਫ.ਐੱਸ.ਓ. ਨਵਦੀਪ ਸਿੰਘ, ਇੰਸਪੈਕਟਰ ਪਨਗ੍ਰੇਨ ਵਿਸ਼ਾਲ ਮਹਾਜਨ, ਅੰਮਿ੍ਤਪਾਲ ਸਿੰਘ ਮੈਨੇਜਰ ਮਾਰਕਫੈਡ ਤਰਨ ਤਾਰਨ, ਸਾਹਿਬ ਸਿੰਘ ਮੈਨੇਜਰ ਵੇਅਰ ਹਾਊਸ ਤਰਨ ਤਾਰਨ, ਇੰਸਪੈਕਟਰ ਅਵਤਾਰ ਸਿੰਘ ਪਨਸਪ, ਦਾਣਾ ਮੰਡੀ ਤਰਨ ਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਠ ਵੀ ਮੌਜੂਦ ਸਨ |
ਕੇਂਦਰੀ ਟੀਮ ਵਲੋਂ ਦਾਣਾ ਮੰਡੀ ਤਰਨ ਤਾਰਨ ਦਾ ਦੌਰਾ <br/>
ਅਜੀਤ ਡੈਸਕ
15-04-2026