ਜਲੰਧਰ, 14 ਅਪ੍ਰੈਲ (ਪਵਨ ਖਰਬੰਦਾ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਤੇ ਪੀ.ਪੀ.ਆਰ. ਗਰੁੱਪ ਦੇ ਸਤਿਕਾਰਯੋਗ ਚੇਅਰਮੈਨ ਸ੍ਰੀ ਅਨਿਲ ਚੋਪੜਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾ 'ਚ ਜਾ ਬਿਰਾਜੇ | ਚੇਅਰਮੈਨ ਅਨਿਲ ਚੋਪੜਾ ਦੀ ਮਿ੍ਤਕ ਦੇਹ ਦਾ ਅੱਜ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਕੀਤਾ | ਜਿਸ ਦੌਰਾਨ ਵੱਡੀ ਗਿਣਤੀ 'ਚ ਪੰਜਾਬ ਦੀਆਂ ਅਹਿਮ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ 'ਚ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਨੇ ਚੋਪੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਪ੍ਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾ 'ਚ ਨਿਵਾਸ ਦੇਣ ਲਈ ਅਰਦਾਸ ਬੇਨਤੀ ਕੀਤੀ | ਅੰਤਿਮ ਸਸਕਾਰ ਮੌਕੇ ਅਨਿਲ ਚੋਪੜਾ ਦੀ ਚਿਖਾ ਨੂੰ ਉਨ੍ਹਾਂ ਦੇ ਵੱਡੇ ਪੁੱਤਰ ਰਾਜਨ ਚੋਪੜਾ ਵਲੋਂ ਅਗਨੀ ਦਿਖਾਈ ਗਈ | ਇਸ ਮੌਕੇ ਸਵ. ਅਨਿਲ ਚੋਪੜਾ ਦੇ ਪਤਨੀ ਸ੍ਰੀਮਤੀ ਸੰਗੀਤਾ ਚੋਪੜਾ, ਛੋਟਾ ਪੁੱਤਰ ਪਿ੍ੰਸ ਚੋਪੜਾ ਤੇ ਹੋਰ ਪਰਿਵਾਰਕ ਮੈਂਬਰ ਰਿਤੂ ਚੋਪੜਾ, ਪ੍ਰੀਤਿਕਾ ਚੋਪੜਾ, ਸੁਨੀਲ ਚੋਪੜਾ, ਭੈਣ ਸਿੰਮੀ ਚੋਪੜਾ, ਸ੍ਰੀਮਤੀ ਸੁਸ਼ਮਾ ਹਾਂਡਾ, ਨੀਲਮ ਕਤਿਆਲ, ਮੀਨਾ ਮਲਹੋਤਰਾ, ਜੀਜਾ ਨਰਿੰਦਰ ਕੁਮਾਰ ਹਾਂਡਾ, ਰਵੀ ਕਤਿਆਲ, ਰਮੇਸ਼ ਪਾਸ਼ਾਨ, ਸੰਜੀਵ ਮਹਾਜਨ, ਸੀਮਾ ਚੌਧਰੀ, ਸ਼ਿਵਾਨੀ ਮਹਾਜਨ, ਰਸ਼ਮੀ ਮਹਾਜਨ, ਵਿਨੀਤ ਮਹਾਜਨ, ਰਾਕੇਸ਼ ਚੌਧਰੀ ਤੇ ਸੀਮਾ ਚੌਧਰੀ ਸਮੇਤ ਵੱਡੀ ਗਿਣਤੀ 'ਚ ਪਰਿਵਾਰਕ ਮੈਂਬਰ ਹਾਜ਼ਰ ਸਨ | ਇਸ ਤੋਂ ਇਲਾਵਾ ਮਾਡਲ ਟਾਊਨ ਦੇ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਮੌਕੇ ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਰਾਜ ਸਭਾ ਮੈਂਬਰ ਤੇ ਲਵਲੀ ਗਰੁੱਪ ਦੇ ਚਾਂਸਲਰ ਮੈਂਬਰ ਅਸ਼ੋਕ ਮਿੱਤਲ, ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ੍ਰੀ ਸ਼ੀਤਲ ਵਿਜ, ਪੰਜਾਬ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ, ਨਰੇਸ਼ ਮਿੱਤਲ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਵਿਧਾਇਕ ਬਿਕਰਮਜੀਤ ਚੌਧਰੀ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ., ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਤੇ 'ਆਪ' ਆਗੂ ਨਿਤਿਨ ਕੋਹਲੀ ਨੇ ਚੋਪੜਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇੱਥੇ ਦੱਸਣਯੋਗ ਹੈ ਕਿ ਚੇਅਰਮੈਨ ਅਨਿਲ ਚੋਪੜਾ ਇੱਕ ਜਾਣੀ-ਮਾਣੀ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਇੱਕ ਸਕੂਲ ਤੋਂ ਸ਼ੁਰੂਆਤ ਕੀਤੀ ਤੇ ਅੱਜ ਉਸ ਨੂੰ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਰੂਪ ਵਿਚ 36 ਸਕੂਲਾਂ ਅਤੇ 23 ਕਾਲਜਾਂ ਨਾਲ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਸਿੱਖਿਆ ਗਰੁੱਪ ਬਣਾ ਦਿੱਤਾ, ਜਿਸ 'ਚ 42000 ਤੋਂ ਵੱਧ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ | ਇਸ ਦੇ ਨਾਲ ਹੀ ਸ੍ਰੀ ਚੋਪੜਾ ਪੀ.ਪੀ.ਆਰ. ਗਰੁੱਪ, ਹੋਟਲ ਰਮਾਡਾ ਸਿਟੀ ਸੈਂਟਰ, ਹੋਟਲ ਡੇਜ਼, ਹੋਟਲ ਡੇਜ਼ ਇਨ ਅਤੇ ਪੈਰਾਡਾਈਜ਼ ਐਜੂਕੇਸ਼ਨਲ ਸੁਸਾਇਟੀ ਦੇ ਵੀ ਚੇਅਰਮੈਨ ਰਹੇ |
ਸੇਂਟ ਸੋਲਜਰ ਤੇ ਪੀ.ਪੀ.ਆਰ. ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਦਾ ਦਿਹਾਂਤ <br/>
ਅਜੀਤ ਡੈਸਕ
15-04-2026