ਟਾਂਡਾ ਉੜਮੁੜ, 14 ਅਪ੍ਰੈਲ (ਦੀਪਕ ਬਹਿਲ)- ਗੁਰਮਿਤ ਸੰਗੀਤ ਤੇ ਤੰਤੀ ਸਾਜਾਂ ਦੀ ਸਿੱਖਿਆ ਦੇਣ ਦੇ ਮੰਤਵ ਨਾਲ ਸੰਤ ਬਾਬਾ ਗੁਰਦਿਆਲ ਸਿੰਘ ਹੂਰਾਂ ਦੀ ਸਰਪ੍ਰਸਤੀ ਹੇਠ ਟਾਂਡਾ ਚ ਖੋਲੀ ਗਈ ਬਾਬਾ ਬਲਵੰਤ ਸਿੰਘ ਸੰਗੀਤ ਅਕੈਡਮੀ ਦਾ ਸਿੱਖ ਜਗਤ 'ਚ ਵੱਡਾ ਵਡਮੁੱਲਾ ਯੋਗਦਾਨ ਰਹੇਗਾ | ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖ਼ਾਲਸੇ ਦੇ ਜਨਮ ਦਿਹਾੜੇ ਮੌਕੇ ਟਾਂਡਾ 'ਚ ਇਸ ਫ਼ਰੀ ਸੰਗੀਤ ਅਕੈਡਮੀ ਦਾ ਉਦਘਾਟਨ ਕਰਦਿਆਂ ਕੀਤਾ | ਤਪ ਅਸਥਾਨ ਬਾਬਾ ਬਲਵੰਤ ਸਿੰਘ ਵਿਖੇ ਇਸ ਮੌਕੇ ਕਰਵਾਏ ਗਏ ਇੱਕ ਵਿਸ਼ਾਲ ਸਮਾਗਮ ਦੌਰਾਨ ਜਿੱਥੇ ਸੈਂਕੜੇ ਬੱਚਿਆਂ ਨੇ ਤੰਤੀ ਸਾਜਾਂ ਨਾਲ-ਨਾਲ ਗੁਰਬਾਣੀ ਕੀਰਤਨ ਕੀਤਾ ਉੱਥੇ ਜਥੇਦਾਰ ਧਾਮੀ ਨੇ ਇਸ ਮਹਾਨ ਉਪਰਾਲੇ ਲਈ ਸਿੱਖ ਸੰਗਤ ਦੇ ਸਨਮੁੱਖ ਹੁੰਦੇ ਸੰਤ ਬਾਬਾ ਗੁਰਦਿਆਲ ਸਿੰਘ ਹੂਰਾਂ ਦੇ ਇਸ ਪਰਉਪਕਾਰੀ ਕਾਰਜ ਦੀ ਸ਼ਲਾਘਾ ਕੀਤੀ ਤੇ ਪੰਜਾਬ ਦੀਆਂ ਪੰਥਕ ਜਥੇਬੰਦੀਆਂ ਨੂੰ ਅਜਿਹੀਆਂ ਸੰਗੀਤ ਅਕੈਡਮੀਆਂ ਖੋਲਣ ਲਈ ਪ੍ਰੇਰਿਅ | ਇਸ ਮੌਕੇ ਬੋਲਦਿਆਂ ਸੰਤ ਬਾਬਾ ਗੁਰਦਿਆਲ ਸਿੰਘ ਹੂਰਾਂ ਨੇ ਕਿਹਾ ਕਿ ਮੁੱਢ ਤੋਂ ਹੀ ਸਿੱਖ ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਾਉਣ ਤੋਂ ਇਲਾਵਾ ਸ਼ੁੱਧ ਬਾਣੀ, ਤਾਂਤੀ ਸਾਜਾਂ ਦੀ ਕਲਾ ਤੇ ਗੁਰਮਤ ਸੰਗੀਤ ਨਾਲ ਪੂਰਨ ਤੌਰ 'ਤੇ ਗਿਆਨਵਾਨ ਬਣਾਉਣਾ ਹੀ ਇਸ ਸੰਗੀਤ ਅਕੈਡਮੀ ਦਾ ਮੁੱਖ ਆਦੇਸ਼ ਰਹੇਗਾ | ਇਸ ਮੌਕੇ ਸੰਤ ਸਮਾਜ ਵੱਲੋਂ ਸੰਤ ਬਾਬਾ ਗੁਰਦੀਪ ਸਿੰਘ ਜੀ ਖਜਾਲੇ ਵਾਲੇ, ਸੰਤ ਬਾਬਾ ਹਰਜਿੰਦਰ ਸਿੰਘ ਬਰਾੜ, ਸੰਤ ਅਮਰੀਕ ਸਿੰਘ ਪੁੜੈਨ ਵਾਲੇ, ਸੰਤ ਹਰਵਿੰਦਰ ਸਿੰਘ ਰੌਲੀ ਵਾਲੇ, ਸੰਤ ਮਨਵੀਰ ਸਿੰਘ ਡੇਰਾ ਬਾਬਾ ਨਾਨਕ, ਬਾਬਾ ਗੁਰਨਵੀਨ ਸਿੰਘ ਗੰਗਾ ਨਗਰ ਤੋਂ ਇਲਾਵਾ ਉਸਤਾਦ ਹੀਰਾ ਸਿੰਘ ਰਤਨ, ਜਥੇਦਾਰ ਹਰਮੇਲ ਪ੍ਰਕਾਸ਼ ਸਿੰਘ ਤੇ ਹੋਰ ਅਹਿਮ ਪੰਥਕ ਸ਼ਖ਼ਸੀਅਤਾਂ ਹਾਜ਼ਰ ਸਨ |
ਖ਼ਾਲਸੇ ਦੇ ਜਨਮ ਦਿਹਾੜੇ ਮੌਕੇ ਬਾਬਾ ਬਲਵੰਤ ਸਿੰਘ ਸੰਗੀਤ ਅਕੈਡਮੀ ਸੰਗਤ ਨੂੰ ਸਮਰਪਿਤ-ਪ੍ਰਧਾਨ ਧਾਮੀ ਤੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਕੀਤਾ ਉਦਘਾਟਨ
ਅਜੀਤ ਡੈਸਕ
15-04-2026