ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਰਾਤ ਦੇ ਸਮਾਗਮ ਕਰਵਾਏ <br/>
ਅਜੀਤ ਡੈਸਕ
16-04-2026
ਪੰਜਾ ਸਾਹਿਬ, 15 ਅਪ੍ਰੈਲ -ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਪਾਕਿਸਤਾਨ) ਵਿਖੇ 2 ਦਿਨ ਮਨਾਏ ਗਏ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਰੌਣਕਾਂ ਬਣੀਆਂ ਰਹੀਆਂ | ਜਾਣਕਾਰੀ ਅਨੁਸਾਰ ਪੰਜਾ ਸਾਹਿਬ ਵਿਖੇ ਪਿਛਲੇ ਕਈ ਦਿਨਾਂ ਤੋਂ ਸਥਾਨਕ ਸੰਗਤਾਂ ਦੀ ਆਵਾਜਾਈ ਬਣੀ ਹੋਈ ਹੈ | ਪਿਛਲੇ 2 ਦਿਨ ਤੋਂ ਭਾਰਤ ਤੋਂ ਪੰਜਾ ਸਾਹਿਬ ਪਹੁੰਚੇ ਜਥੇ ਦੀਆਂ ਸੰਗਤਾਂ ਨੇ ਬੀਤੇ ਦਿਨ ਨਗਰ ਕੀਰਤਨ ਅਤੇ ਸਮਾਗਮ 'ਚ ਹੋਏ ਪ੍ਰੋਗਰਾਮਾਂ 'ਚ ਸ਼ਿਰਕਤ ਕੀਤੀ | ਇਸ ਦੌਰਾਨ ਰਾਤ ਸਮੇਂ ਕੀਰਤਨ ਦਰਬਾਰ ਸਜਾਇਆ ਗਿਆ | ਜਥੇ ਵਿਚ ਪਹੁੰਚੀਆਂ ਸੰਗਤਾਂ ਨੇ ਕਿਹਾ ਕਿ ਉਹ ਵਡਭਾਗੇ ਹਨ, ਜਿਨ੍ਹਾਂ ਨੂੰ ਵੀਜ਼ਾ ਮਿਲਣ 'ਤੇ ਸਾਡੇ ਗੁਰੂ ਸਾਹਿਬਾਨ ਨਾਲ ਸੰਬੰਧਤ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਹੋਏ ਹਨ, ਜਿਸ ਲਈ ਉਨ੍ਹਾਂ ਨੇ ਦੋਵਾਂ ਸਰਕਾਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ 'ਚ ਹਰ ਪੱਖੋਂ ਅਮਨ-ਸ਼ਾਂਤੀ ਦੀ ਕਾਮਨਾ ਕਰਦੇ ਹਨ |
ਪੰਜਾ ਸਾਹਿਬ ਦੀ ਯਾਤਰਾ ਉਪਰੰਤ ਜਥਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ
ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰਨ ਉਪਰੰਤ ਸ਼ਰਧਾਲੂਆਂ ਦਾ ਜਥਾ ਸ੍ਰੀ ਪੰਜਾ ਸਾਹਿਬ ਪਹੁੰਚਿਆ ਸੀ, ਇਥੇ ਦਰਸ਼ਨ ਕਰਨ ਅਤੇ ਖਾਲਸਾ ਸਾਜਨਾ ਦਿਵਸ ਸਬੰਧੀ ਸਮਾਗਮਾਂ ਵਿਚ ਹਾਜ਼ਰੀ ਭਰਨ ਉਪਰੰਤ ਇਹ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਇਆ | ਸੰਗਤਾਂ ਨੇ ਦੱਸਿਆ ਕਿ ਅਗਲੇ 2 ਦਿਨ ਉਹ ਕਰਤਾਰਪੁਰ ਸਾਹਿਬ ਠਹਿਰਾਓ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ |