ਕੂਚ ਬਿਹਾਰ (ਪੱਛਮੀ ਬੰਗਾਲ), 20 ਅਪ੍ਰੈਲ (ਏਜੰਸੀ)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਸਨ, ਜਿਨ੍ਹਾਂ ਨੇ 2029 ਤੋਂ ਵਿਧਾਨ ਸਭਾਵਾਂ 'ਚ ਔਰਤਾਂ ਦਾ ਰਾਖਵਾਂਕਰਨ ਲਾਗੂ ਕਰਨ ਵਾਲੇ ਸੰਵਿਧਾਨ ਸੋਧ ਬਿੱਲ ਨੂੰ ਖਤਮ ਕਰ ਦਿੱਤਾ ਅਤੇ ਇਹ ਵੀ ਦੱਸਿਆ ਕਿ ਵਿਰੋਧੀ ਧਿਰ ਨੇ ਸਿਰਫ ਹੱਦਬੰਦੀ ਬਿੱਲ ਦਾ ਵਿਰੋਧ ਕੀਤਾ ਸੀ | ਵਿਧਾਨ ਸਭਾ ਚੋਣਾਂ ਲਈ ਪੂਰੇ ਪੱਛਮੀ ਬੰਗਾਲ 'ਚ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ 'ਤੇ ਤਨਜ਼ ਕੱਸਦੇ ਹੋਏ ਉਨ੍ਹਾਂ ਨੇ ਪੁੱਛਿਆ ਕਿ ਕੀ ਮੋਦੀ ਇਸ ਰਾਜ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ | 2029 'ਚ ਵਿਧਾਨ ਸਭਾਵਾਂ 'ਚ 33 ਫ਼ੀਸਦੀ ਮਹਿਲਾ ਰਾਖਵਾਂਕਰਨ ਲਾਗੂ ਕਰਨ ਵਾਲਾ ਬਿੱਲ ਲੋਕ ਸਭਾ 'ਚ ਅਟਕ ਜਾਣ ਬਾਅਦ ਪ੍ਰਧਾਨ ਮੰਤਰੀ ਨੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ 'ਤੇ ਦੋਸ਼ ਲਾਇਆ ਸੀ | ਇਸ 'ਤੇ ਖੜਗੇ ਨੇ ਕਿਹਾ ਕਿ ਇਹ ਤੁਸੀਂ (ਮੋਦੀ) ਹੀ ਹੋ ਜਿਨ੍ਹਾਂ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਖਤਮ ਕੀਤਾ, ਅਸੀਂ ਤਾਂ ਹੱਦਬੰਦੀ ਬਿੱਲ ਦਾ ਵਿਰੋਧ ਕੀਤਾ ਸੀ, ਨਾ ਕਿ ਔਰਤਾਂ ਦੇ ਕੋਟੇ ਵਾਲੇ ਬਿੱਲ ਦਾ | ਕੂਚ ਬਿਹਾਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸੀਂ ਹਮੇਸ਼ਾਂ ਔਰਤਾਂ ਦੇ ਅਧਿਕਾਰਾਂ ਅਤੇ ਭਲਾਈ ਨੂੰ ਯਕੀਨੀ ਕਰਨ ਲਈ ਤਤਪਰ ਰਹਿੰਦੇ ਹਾਂ ਅਤੇ ਉਨ੍ਹਾਂ ਰੈਲੀ 'ਚ ਮੌਜੂਦ ਲੋਕਾਂ ਨੂੰ ਯਾਦ ਦਿਵਾਇਆ ਕਿ ਪਾਰਟੀ 'ਚ ਸਰੋਜਨੀ ਨਾਇਡੂ, ਇੰਦਰਾ ਗਾਂਧੀ ਅਤੇ ਸੋਨੀਆ ਗਾਂਧੀ ਵਰਗੀਆਂ ਔਰਤਾਂ ਨੇਤਾ ਰਹੀਆਂ ਹਨ |
ਮੋਦੀ ਨੇ ਖ਼ਤਮ ਕੀਤਾ ਮਹਿਲਾ ਰਾਖਵਾਂਕਰਨ ਬਿੱਲ, ਵਿਰੋਧੀ ਧਿਰ ਨੇ ਤਾਂ ਹੱਦਬੰਦੀ ਬਿੱਲ ਦਾ ਹੀ ਵਿਰੋਧ ਕੀਤਾ ਸੀ-ਖੜਗੇ <br/>
ਅਜੀਤ ਡੈਸਕ
21-04-2026