ਐੱਸ. ਏ. ਐੱਸ. ਨਗਰ, 21 ਅਪ੍ਰੈਲ (ਅ. ਬ.)-ਮੁਹਾਲੀ ਸਥਿਤ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਇਕ ਮਹੱਤਵਪੂਰਨ ਫ਼ੈਸਲਾ ਸੁਣਾਉਂਦੇ ਹੋਏ ਪੰਜਾਬ ਦੇ ਸਾਬਕਾ ਆਈ. ਜੀ. ਗੌਤਮ ਚੀਮਾ ਸਮੇਤ ਹੋਰਨਾਂ ਅਪੀਲਕਰਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ | ਸੀ. ਬੀ. ਆਈ. ਅਦਾਲਤ ਨੇ ਹੇਠਲੀ ਅਦਾਲਤ ਵਲੋਂ ਸੁਣਾਈ ਗਈ ਸਜ਼ਾ ਨੂੰ ਰੱਦ ਕਰਦੇ ਹੋਏ ਸਾਰੇ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ | ਇਹ ਫ਼ੈਸਲਾ ਵਿਸ਼ੇਸ਼ ਜੱਜ ਸੀ. ਬੀ. ਆਈ. ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਸੁਣਾਇਆ ਗਿਆ, ਜਿਥੇ ਕਿ ਗੌਤਮ ਚੀਮਾ, ਰਸ਼ਮੀ ਨੇਗੀ, ਵਰੁਣ ਉਤਰੇਜਾ, ਵਿੱਕੀ ਵਰਮਾ, ਅਜੈ ਚੌਧਰੀ ਤੇ ਆਰੀਅਨ ਸਿੰਘ ਵਲੋਂ ਦਰਜ ਅਪੀਲਾਂ 'ਤੇ ਇਕੱਠੇ ਸੁਣਵਾਈ ਹੋਈ |
ਕੀ ਸੀ ਮਾਮਲਾ?
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਅਪੀਲਕਰਤਾ ਆਰੀਅਨ ਸਿੰਘ ਦੇ ਵਕੀਲ ਹਰਪ੍ਰੀਤ ਸਿੰਘ ਬਡਾਲੀ ਨੇ ਦੱਸਿਆ ਕਿ ਇਹ ਮਾਮਲਾ 26 ਅਗਸਤ 2014 ਦੀ ਰਾਤ ਨਾਲ ਸੰਬੰਧਿਤ ਹੈ, ਜਦੋਂ ਮੁਹਾਲੀ ਦੇ ਫੇਜ਼-1 ਥਾਣੇ ਵਿਚ ਇਕ ਭਗੌੜੇ ਮੁਲਜ਼ਮ ਸੁਮੇਧ ਗੁਲਾਟੀ ਨੂੰ ਪੁਲਿਸ ਵਲੋਂ ਕਾਬੂ ਕਰਕੇ ਲਿਆਂਦਾ ਗਿਆ ਸੀ | ਇਸਤਗਾਸਾ ਪੱਖ ਵਲੋਂ ਦੋਸ਼ ਲਗਾਇਆ ਗਿਆ ਕਿ ਉਸ ਸਮੇਂ ਆਈ. ਜੀ. ਰਹੇ ਗੌਤਮ ਚੀਮਾ ਆਪਣੇ ਸਾਥੀਆਂ ਸਮੇਤ ਥਾਣੇ ਪਹੁੰਚੇ ਅਤੇ ਕਥਿਤ ਤੌਰ 'ਤੇ ਸੁਮੇਧ ਗੁਲਾਟੀ ਨੂੰ ਪੁਲਿਸ ਹਿਰਾਸਤ 'ਚੋਂ ਬਾਹਰ ਲੈ ਗਏ | ਬਾਅਦ ਵਿਚ ਉਸ ਨੂੰ ਮੈਕਸ ਹਸਪਤਾਲ ਲਿਜਾਇਆ ਗਿਆ, ਜਿਥੇ ਕਿ ਸੁਮੇਧ ਗੁਲਾਟੀ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਇਕ ਕਮਰੇ ਵਿਚ ਰੱਖਿਆ ਗਿਆ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ | ਉਸ ਸਮੇਂ ਹਸਪਤਾਲ 'ਚ ਮੌਜੂਦ ਲੋਕਾਂ ਦੇ ਸਾਹਮਣੇ ਕਿ੍ਸਪੀ ਖੈਰਾ ਨੂੰ ਧਮਕਾਇਆ ਗਿਆ ਕਿ ਉਹ ਆਪਣੇ ਵਲੋਂ ਕੀਤੀਆਂ ਸ਼ਿਕਾਇਤਾਂ ਵਾਪਸ ਲਵੇ, ਨਹੀਂ ਤਾਂ ਉਸ ਨੂੰ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ | ਇਸ ਮਾਮਲੇ ਵਿਚ ਪਹਿਲਾਂ ਥਾਣਾ ਫੇਜ਼-1 ਮੁਹਾਲੀ ਵਿਖੇ ਐਫ. ਆਈ. ਆਰ. ਦਰਜ ਕੀਤੀ ਗਈ ਸੀ ਅਤੇ ਬਾਅਦ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਗਈ ਸੀ |
ਹੇਠਲੀ ਅਦਾਲਤ ਨੇ ਕੁਝ ਧਾਰਾਵਾਂ 'ਚ ਅਪੀਲਕਰਤਾਵਾਂ ਨੂੰ ਠਹਿਰਾਇਆ ਸੀ ਦੋਸ਼ੀ
ਟ੍ਰਾਇਲ ਅਦਾਲਤ ਨੇ ਉਕਤ ਅਪੀਲਕਰਤਾਵਾਂ ਨੂੰ ਕੁਝ ਧਾਰਾਵਾਂ ਹੇਠ ਬਰੀ ਕਰਦੇ ਹੋਏ ਧਾਰਾ 120-ਬੀ, 186 ਅਤੇ 225 ਆਈ. ਪੀ. ਸੀ. ਤਹਿਤ ਦੋਸ਼ੀ ਕਰਾਰ ਦਿੱਤਾ ਸੀ | ਇਸ ਤੋਂ ਬਾਅਦ ਅਪੀਲੀ ਅਦਾਲਤ ਨੇ ਸਾਰੇ ਸਬੂਤਾਂ ਦੀ ਦੁਬਾਰਾ ਜਾਂਚ ਕਰਦੇ ਹੋਏ ਪਾਇਆ ਕਿ ਇਸਤਗਾਸਾ ਪੱਖ ਆਪਣਾ ਕੇਸ ਸ਼ੱਕ ਤੋਂ ਪਰੇ ਸਾਬਿਤ ਕਰਨ 'ਚ ਅਸਫ਼ਲ ਰਿਹਾ ਹੈ | ਇਸ ਦੌਰਾਨ ਕਈ ਮਹੱਤਵਪੂਰਨ ਗਵਾਹ ਮੁਕਰ ਗਏ ਅਤੇ ਡਿਜ਼ੀਟਲ ਸਬੂਤ ਵੀ ਕਾਨੂੰਨੀ ਤੌਰ 'ਤੇ ਮੰਨਣਯੋਗ ਸਾਬਤ ਨਹੀਂ ਹੋਏ | ਜਿਸ ਕਰਕੇ ਸਾਰੇ ਅਪੀਲਕਰਤਾਵਾਂ ਨੂੰ ਬਰੀ ਕਰ ਦਿੱਤਾ ਗਿਆ |
ਸਾਬਕਾ ਆਈ.ਜੀ. ਗੌਤਮ ਚੀਮਾ ਸਮੇਤ ਹੋਰਨਾਂ ਨੂੰ ਮੁਹਾਲੀ ਦੀ ਸੀ.ਬੀ.ਆਈ. ਅਦਾਲਤ ਨੇ ਕੀਤਾ ਬਰੀ
ਅਜੀਤ ਡੈਸਕ
22-04-2026