ਜਲੰਧਰ, 21 ਅਪ੍ਰੈਲ (ਸ਼ਿਵ)-ਅਪ੍ਰੈਲ ਮਹੀਨੇ ਦਾ ਤੀਜਾ ਹਫ਼ਤਾ ਸ਼ੁਰੂ ਹੋਣ ਦੇ ਨਾਲ ਹੀ ਹੁਣ ਪੰਜਾਬ ਵਿਚ ਗਰਮੀ ਨੇ ਆਪਣਾ ਪ੍ਰਕੋਪ ਪੂਰੀ ਤਰ੍ਹਾਂ ਨਾਲ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਰਕੇ ਸੂਬੇ ਵਿਚ ਬਿਜਲੀ ਦੀ ਮੰਗ 9000 ਮੈਗਾਵਾਟ ਤੱਕ ਪੁੱਜ ਗਈ ਹੈ ਤੇ ਬਿਜਲੀ ਮਾਹਿਰਾਂ ਨੇ ਇਸ ਗੱਲ ਦੀ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਜੇਕਰ ਗਰਮੀ ਦਾ ਪ੍ਰਕੋਪ ਇਸੇ ਤਰ੍ਹਾਂ ਨਾਲ ਜਾਰੀ ਰਹਿੰਦਾ ਹੈ ਤਾਂ ਕੁੱਝ ਦਿਨਾਂ ਵਿਚ ਹੀ ਬਿਜਲੀ ਦੀ ਮੰਗ 12000 ਮੈਗਾਵਾਟ ਪਹੁੰਚ ਸਕਦੀ ਹੈ | ਸੂਬੇ ਵਿਚ ਏ. ਸੀ. ਚੱਲਣ ਨਾਲ ਲੋਡ ਵਿਚ ਵਾਧਾ ਹੋਇਆ ਹੈ ਸਗੋਂ ਹੁਣ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਸੂਬੇ ਵਿਚ ਕੂਲਰਾਂ, ਪੱਖਿਆਂ ਦੀ ਮੰਗ ਵਿਚ ਤੇਜ਼ੀ ਆਈ ਹੈ | ਕੁੱਝ ਦਿਨ ਪਹਿਲਾਂ ਜਦੋਂ ਬਾਰਿਸ਼ਾਂ ਪੈਣ ਕਰਕੇ ਅਤੇ ਪਹਾੜਾਂ ਵਿਚ ਪਈ ਬਰਫ਼ ਕਰਕੇ ਬਿਜਲੀ ਦੀ ਮੰਗ 7000 ਮੈਗਾਵਾਟ ਦੇ ਕਰੀਬ ਹੀ ਰਹੀ ਸੀ ਪਰ ਹੁਣ ਕੁੱਝ ਦਿਨਾਂ ਤੋਂ ਗਰਮੀ ਨੇ ਆਪਣਾ ਪ੍ਰਕੋਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ | ਮੌਸਮ ਮਾਹਿਰਾਂ ਨੇ ਇਸ ਦੀ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਅਪ੍ਰੈਲ ਦੇ ਤੀਜੇ ਹਫ਼ਤੇ ਤੋਂ ਲੈ ਕੇ ਜੂਨ ਤੱਕ ਗਰਮੀ ਆਪਣਾ ਪ੍ਰਕੋਪ ਦਿਖਾਏਗੀ ਤੇ ਇਸ ਨਾਲ ਜਨਜੀਵਨ ਵੀ ਪ੍ਰਭਾਵਿਤ ਹੋਵੇਗਾ | ਚਾਹੇ ਇਸ ਵੇਲੇ ਸੂਬੇ ਵਿਚ ਗਰਮੀ ਦੇ ਪ੍ਰਕੋਪ ਨਾਲ ਲੋਕਾਂ ਵਿਚ ਹਾਹਾਕਾਰ ਹੈ ਪਰ ਨਿਰਵਿਘਨ ਬਿਜਲੀ ਸਪਲਾਈ ਲਈ ਸਾਂਭ-ਸੰਭਾਲ ਦਾ ਕੰਮ ਵੀ ਜ਼ਰੂਰੀ ਸਮਝਿਆ ਜਾ ਰਿਹਾ ਹੈ ਜਿਸ ਕਰਕੇ ਪਾਵਰਕਾਮ ਨੂੰ ਨਾਲੋ-ਨਾਲ ਸੰਭਾਲ ਦਾ ਕੰਮ ਕਰਨਾ ਪੈਂਦਾ ਹੈ | ਗਰਮੀਆਂ ਵਿਚ ਬਿਜਲੀ ਦੀ ਜ਼ਿਆਦਾ ਮੰਗ ਹੋਣ ਕਰਕੇ ਪਾਵਰਕਾਮ ਦੀਆਂ ਲਾਈਨਾਂ 'ਤੇ ਵੀ ਕਾਫੀ ਭਾਰ ਵਧ ਜਾਂਦਾ ਹੈ | ਪਾਵਰਕਮ ਨੇ ਚਾਹੇ ਬਿਜਲੀ ਸਪਲਾਈ ਲਈ ਪ੍ਰਬੰਧ ਕੀਤੇ ਹੋਏ ਹਨ ਪਰ ਪਾਵਰਕਾਮ ਨੂੰ ਉਂਜ ਵੀ ਚੰਗੀਆਂ ਬਾਰਿਸ਼ਾਂ ਹੋਣ ਦੀ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਚੰਗੀਆਂ ਬਾਰਿਸ਼ਾਂ ਹੁੰਦੀਆਂ ਹਨ ਤਾਂ ਝੋਨੇ ਦੇ ਸੀਜ਼ਨ ਵਿਚ ਉਸ ਨੂੰ ਕਾਫੀ ਫ਼ਾਇਦਾ ਹੋ ਸਕਦਾ ਹੈ ਜਿਸ ਨਾਲ ਨਾ ਸਿਰਫ਼ ਜ਼ਮੀਨ ਹੇਠਲੇ ਪਾਣੀ ਕੱਢਣ ਦਾ ਦਬਾਅ ਘਟੇਗਾ ਸਗੋਂ ਚੰਗੇ ਮਾਨਸੂਨ ਨਾਲ ਉਸ ਦੇ ਬਿਜਲੀ ਖ਼ਰੀਦ ਵਿਚ ਭਾਰੀ ਕਮੀ ਆਏਗੀ | ਉਂਜ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਇਸ ਬਾਰ ਤਾਂ ਬਿਜਲੀ ਦੀ ਮੰਗ 17000 ਮੈਗਾਵਾਟ ਤੱਕ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ |
ਗਰਮੀ ਨੇ 9000 ਮੈਗਾਵਾਟ ਤੱਕ ਪਹੁੰਚਾਈ ਬਿਜਲੀ ਦੀ ਮੰਗ
ਅਜੀਤ ਡੈਸਕ
22-04-2026