16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਭਾਈ ਅੰਮਿ੍ਤਪਾਲ ਸਿੰਘ ਦੀ ਗਿ੍ਫ਼ਤਾਰੀ ਲਈ ਪੰਜਾਬ ਪੁਲਿਸ ਦੀ ਟੀਮ ਡਿਬੜੂਗੜ੍ਹ ਪਹੁੰਚੀ

Ad Position 21
No active advertisement
ਅਜੀਤ ਡੈਸਕ 22-04-2026

ਅਜਨਾਲਾ, 21 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-23 ਫਰਵਰੀ 2023 ਨੂੰ ਥਾਣਾ ਅਜਨਾਲਾ 'ਤੇ ਹਮਲੇ ਤੋਂ ਬਾਅਦ ਆਸਾਮ ਦੀ ਡਿਬੜੂਗੜ੍ਹ ਜੇਲ੍ਹ ਵਿਚ ਐੱਨ.ਐੱਸ.ਏ. ਤਹਿਤ ਬੰਦ ਸ੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮਿ੍ਤਪਾਲ ਸਿੰਘ ਦੀ ਅਜਨਾਲਾ ਥਾਣਾ ਕੇਸ ਵਿਚ ਰਸਮੀ ਤੌਰ 'ਤੇ ਗਿ੍ਫ਼ਤਾਰੀ ਪਾਉਣ ਲਈ ਪੰਜਾਬ ਪੁਲਿਸ ਦੀ ਉੱਚ ਪੱਧਰੀ ਟੀਮ ਡਿਬਰੂਗੜ੍ਹ ਪਹੁੰਚ ਚੁੱਕੀ ਹੈ, ਇਸ ਟੀਮ ਵਿਚ ਦੋ ਡੀ.ਐੱਸ.ਪੀ., ਇੰਸਪੈਕਟਰ ਅਤੇ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀ ਸ਼ਾਮਿਲ ਦੱਸੇ ਜਾ ਰਹੇ ਹਨ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੱਲ੍ਹ 22 ਅਪ੍ਰੈਲ ਨੂੰ ਭਾਈ ਅੰਮਿ੍ਤਪਾਲ ਸਿੰਘ 'ਤੇ ਲੱਗੀ ਐੱਨ.ਐੱਸ. ਏ. ਦੀ ਮਿਆਦ ਖ਼ਤਮ ਹੋ ਰਹੀ ਹੈ, ਜਿਸ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਉਨ੍ਹਾਂ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਦਰਜ 2 ਵੱਖ-ਵੱਖ ਮੁਕੱਦਮਿਆਂ ਵਿਚ ਰਸਮੀ ਤੌਰ 'ਤੇ ਗਿ੍ਫ਼ਤਾਰੀ ਪਾਈ ਜਾਵੇਗੀ, ਗਿ੍ਫ਼ਤਾਰੀ ਪਾਉਣ ਤੋਂ ਬਾਅਦ ਉਨ੍ਹਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਵੀ ਮੰਗਿਆ ਜਾ ਸਕਦਾ ਹੈ | ਇੱਥੇ ਦੱਸ ਦੇਈਏ ਕਿ ਮਾਰਚ 2025 ਵਿਚ ਭਾਈ ਅੰਮਿ੍ਤਪਾਲ ਸਿੰਘ ਦੇ 7 ਸਾਥੀਆਂ ਦਲਜੀਤ ਸਿੰਘ ਕਲਸੀ, ਹਰਜੀਤ ਸਿੰਘ ਚਾਚਾ, ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ, ਕੁਲਵੰਤ ਸਿੰਘ ਰਾਊਕੇ, ਗੁਰਿੰਦਰ ਸਿੰਘ ਗੁਰੀ ਔਜਲਾ, ਬਸੰਤ ਸਿੰਘ ਤੇ ਗੁਰਮੀਤ ਸਿੰਘ 'ਤੇ ਲੱਗਾ ਐੱਨ.ਐੱਸ.ਏ. ਹਟਾ ਕੇ ਉਨ੍ਹਾਂ ਨੂੰ ਜੇਲ੍ਹ ਤੋਂ ਸਿੱਧਾ ਅਜਨਾਲਾ ਅਦਾਲਤ ਲਿਆ ਕੇ ਪੇਸ਼ ਕੀਤਾ ਗਿਆ ਸੀ | ਇਸ ਤੋਂ ਬਾਅਦ ਇਹ 7 ਵਿਅਕਤੀ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ | ਭਾਵੇਂ ਕਿ ਭਾਈ ਅੰਮਿ੍ਤਪਾਲ ਸਿੰਘ ਦੇ ਪਰਿਵਾਰ ਤੇ ਸਮਰਥਕਾਂ ਵਲੋਂ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਤੇ ਪੰਜਾਬ ਸਰਕਾਰ ਵਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਭਾਈ ਅੰਮਿ੍ਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਹੀ ਰੱਖਣ ਦੀ ਮੰਗ ਕੀਤੀ ਗਈ ਸੀ | ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਅਹਿਮ ਫ਼ੈਸਲਾ ਸੁਣਾਇਆ ਗਿਆ ਸੀ ਕਿ ਭਾਈ ਅੰਮਿ੍ਤਪਾਲ ਸਿੰਘ ਉੱਪਰ ਲੱਗੀ ਐੱਨ.ਐੱਸ.ਏ. ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਡਿਬਰੂਗੜ ਜੇਲ੍ਹ ਵਿਚ ਰੱਖਿਆ ਜਾਵੇਗਾ ਤੇ ਉੱਥੋਂ ਹੀ ਵੀਡੀਓ ਕਾਨਫਰਸਿੰਗ ਜਰੀਏ ਉਨ੍ਹਾਂ ਦੀ ਅਦਾਲਤ ਵਿਚ ਪੇਸ਼ੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਹੰਬੜਾਂ 'ਚ ਕਬਾੜੀਏ ਦੀ ਦੁਕਾਨ 'ਤੇ ਧਮਾਕਾ, ਇਕ ਮੌਤ ਅਗਲੀ ਖ਼ਬਰ ਈ.ਡੀ. ਦਫਤਰ ਦੇ 13 ਅਫਸਰਾਂ ਦੀਆਂ ਬਦਲੀਆਂ
Ad Position 24