ਐੱਸ. ਏ. ਐੱਸ. ਨਗਰ, 21 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ 'ਚ ਪਾਰਦਰਸ਼ਤਾ ਤੇ ਡਿਜ਼ੀਟਲਾਈਜ਼ੇਸ਼ਨ ਲਿਆਉਣ ਦੀ ਵਚਨਬੱਧਤਾ ਦੇ ਤਹਿਤ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਅੱਜ ਅਹਿਮ ਮੋਬਾਈਲ ਐਪਲੀਕੇਸ਼ਨ 'ਪੀ. ਐਮ. ਬੀ. ਕੁਨੈਕਟ' ਲਾਂਚ ਕੀਤੀ ਗਈ | ਇਸ ਸੰਬੰਧ 'ਚ ਪੰਜਾਬ ਮੰਡੀ ਬੋਰਡ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿਖੇ ਕਰਵਾਏ ਸਮਾਗਮ ਦੌਰਾਨ ਐਪ ਨੂੰ ਲਾਂਚ ਕਰਦਿਆਂ ਚੇਅਰਮੈਨ ਬਰਸਟ ਨੇ ਕਿਹਾ ਕਿ ਇਹ ਕਦਮ ਮੰਡੀ ਪ੍ਰਣਾਲੀ ਨੂੰ ਡਿਜ਼ੀਟਲਾਈਜ਼ ਕਰਨ ਤੇ ਹੋਰ ਸੁਖਾਲੀ ਕਰਨ ਵੱਲ ਪੁੱਟਿਆ ਗਿਆ ਮਹੱਤਵਪੂਰਨ ਕਦਮ ਹੈ | ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਖੇਤੀਬਾੜੀ ਸੈਕਟਰ ਨਾਲ ਜੁੜੇ ਸਾਰੇ ਸਟੇਕ ਹੋਲਡਰਾਂ ਖਾਸ ਕਰਕੇ ਕਿਸਾਨਾਂ ਤੇ ਲਾਇਸੰਸਧਾਰਕਾਂ ਨੂੰ ਇਕੋ ਪਲੇਟਫਾਰਮ 'ਤੇ ਸਾਰੀ ਜਾਣਕਾਰੀ ਉਪਲੱਬਧ ਹੋਵੇਗੀ | ਉਨ੍ਹਾਂ ਕਿਹਾ ਕਿ ਇਹ ਐਪ ਸਿਰਫ਼ ਇਕ ਕਲਿੱਕ ਰਾਹੀਂ ਕਿਸਾਨਾਂ, ਲਾਇਸੰਸਧਾਰਕਾਂ, ਮਾਰਕੀਟ ਕਮੇਟੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਨਲਾਈਨ ਸੇਵਾਵਾਂ ਨਾਲ ਜੋੜੇਗੀ | ਮੰਡੀ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਐਪ ਰਾਹੀਂ ਲਾਇਸੰਸਧਾਰਕ ਦੀ ਜਾਣਕਾਰੀ ਤੁਰੰਤ ਚੈੱਕ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਹ ਐਪ ਗੂਗਲ ਪਲੇਅ ਸਟੋਰ 'ਤੇ 'ਪੀ. ਐਮ. ਬੀ. ਕੁਨੈਕਟ' ਦੇ ਨਾਂਅ ਨਾਲ ਉਪਲੱਬਧ ਹੈ | ਇਸ ਮੌਕੇ ਜਤਿੰਦਰ ਸਿੰਘ ਭੰਗੂ ਇੰਜੀਨੀਅਰ-ਇਨ-ਚੀਫ਼, ਹਰਜੀਤ ਸਿੰਘ ਸੰਧੂ ਸੰਯੁਕਤ ਸਕੱਤਰ, ਗੁਰਿੰਦਰ ਸਿੰਘ ਚੀਮਾ ਮੁੱਖ ਇੰਜ., ਅਮਨਦੀਪ ਸਿੰਘ ਮੁੱਖ ਇੰਜ., ਮਨਿੰਦਰਜੀਤ ਸਿੰਘ ਬੇਦੀ ਡੀ. ਜੀ. ਐਮ., ਪ੍ਰੀਤ ਕੰਵਰ ਸਿੰਘ ਬਰਾੜ ਡੀ. ਜੀ. ਐਮ., ਮੁਕੇਸ਼ ਕੁਮਾਰ ਕੈਲੇ ਡੀ. ਜੀ. ਐਮ., ਅਮਨਦੀਪ ਸਿੰਘ ਸੰਧੂ ਡੀ. ਜੀ. ਐਮ. ਤੇ ਨਿਤਿਨ ਬਾਂਸਲ ਸਿਸਟਮ ਐਨਾਲਿਸਟ ਸਮੇਤ ਬੋਰਡ ਦੇ ਸਮੂਹ ਅਧਿਕਾਰੀ ਵੀ ਹਾਜ਼ਰ ਸਨ |
ਚੇਅਰਮੈਨ ਬਰਸਟ ਵਲੋਂ ਪੀ. ਐਮ. ਬੀ. ਕੁਨੈਕਟ ਮੋਬਾਈਲ ਐਪ ਲਾਂਚ
ਮੁਹਾਲੀ ਸਥਿਤ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਮੋਬਾਈਲ ਐਪਲੀਕੇਸ਼ਨ 'ਪੀ. ਐਮ. ਬੀ. ਕੁਨੈਕਟ' ਲਾਂਚ ਕਰਦੇ ਹੋਏ ਚੇਅਰਮੈਨ ਹਰਚੰਦ ਸਿੰਘ ਬਰਸਟ ਤੇ ਉੱਚ ਅਧਿਕਾਰੀ | ਅਜੀਤ ਤਸਵੀਰ<br/>
22-04-2026