ਫ਼ਾਜ਼ਿਲਕਾ, 21 ਅਪ੍ਰੈਲ (ਦਵਿੰਦਰ ਪਾਲ ਸਿੰਘ)-ਪੰਜਾਬ ਵਿਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਪਾਕਿਸਤਾਨੀ ਹੈਂਡਲਰਾਂ ਵਲੋਂ ਭਾਰਤ ਦੇ ਨਾਬਾਲਗ ਨੌਜਵਾਨਾਂ ਨੂੰ ਗੁਮਰਾਹ ਕਰਕੇ ਵਰਤਣ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ | ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਫ਼ਾਜ਼ਿਲਕਾ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਫ਼ਿਰੋਜ਼ਪੁਰ ਇਲਾਕੇ ਤੋਂ ਇੱਕ 12ਵੀਂ ਜਮਾਤ ਦੇ ਨਾਬਾਲਗ ਵਿਦਿਆਰਥੀ ਨੂੰ ਕਾਬੂ ਕਰਕੇ ਉਸ ਕੋਲੋਂ ਇਕ ਉੱਚ ਸਮਰੱਥਾ ਵਾਲਾ ਚੀਨੀ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ | ਸੂਤਰਾਂ ਅਨੁਸਾਰ ਰਾਜਸਥਾਨ ਦਾ ਰਹਿਣ ਵਾਲਾ ਇਹ ਨਾਬਾਲਗ ਸੋਸ਼ਲ ਮੀਡੀਆ ਰਾਹੀਂ ਸਰਹੱਦ ਪਾਰ ਬੈਠੇ ਪਾਕਿਸਤਾਨੀ ਹੈਂਡਲਰਾਂ ਦੇ ਸਿੱਧੇ ਸੰਪਰਕ ਵਿਚ ਸੀ | ਉਹ ਫ਼ਿਰੋਜ਼ਪੁਰ ਵਿਚ ਇਕ ਰਿਸ਼ਤੇਦਾਰ ਦੇ ਵਿਆਹ ਵਿਚ ਸ਼ਾਮਿਲ ਹੋਣ ਦਾ ਬਹਾਨਾ ਬਣਾ ਕੇ ਪੰਜਾਬ ਆਇਆ ਸੀ | ਇੱਥੋਂ ਉਹ ਅੰਮਿ੍ਤਸਰ ਸਾਹਿਬ ਪਹੁੰਚਿਆ, ਜਿੱਥੋਂ ਉਸਨੇ ਇਹ ਹੈਂਡ ਗ੍ਰਨੇਡ ਪ੍ਰਾਪਤ ਕੀਤਾ | ਦੱਸਿਆ ਜਾ ਰਿਹਾ ਹੈ ਕਿ ਇਸ ਗ੍ਰਨੇਡ ਦੇ ਬਦਲੇ ਉਸਨੇ 6 ਸਿੰਮ ਕਾਰਡ ਮੁਹੱਈਆ ਕਰਵਾਏ ਸਨ | ਜਦੋਂ ਉਹ ਮੋਟਰਸਾਈਕਲ 'ਤੇ ਇਸ ਦੀ ਸਪਲਾਈ ਦੇਣ ਜਾ ਰਿਹਾ ਸੀ ਤਾਂ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ | ਐੱਸ.ਐੱਸ.ਓ.ਸੀ.ਫ਼ਾਜ਼ਿਲਕਾ ਦੇ ਮੁਖੀ ਸਤੀਸ਼ ਕੁਮਾਰ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਗ੍ਰਨੇਡ ਪੀ-86 ਚੀਨੀ ਮੇਡ' ਹੈ, ਜੋ ਕਿ ਬਹੁਤ ਹੀ ਖ਼ਤਰਨਾਕ ਹੈ |
ਪਾਕਿਸਤਾਨੀ ਹੈਂਡਲਰਾਂ ਦੀ ਵੱਡੀ ਸਾਜ਼ਿਸ਼ ਨਾਕਾਮ ਨਾਬਾਲਗ ਕੋਲੋਂ ਚੀਨੀ ਹੈਂਡ ਗ੍ਰਨੇਡ ਬਰਾਮਦ
ਅਜੀਤ ਡੈਸਕ
22-04-2026