ਫ਼ਿਰੋਜ਼ਪੁਰ, 22 ਅਪ੍ਰੈਲ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਯੂਥ ਕਲੱਬਾਂ ਦੀ ਕਾਰਗੁਜ਼ਾਰੀ ਨੂੰ ਸੁਧਾਰਨ ਅਤੇ ਡੰਮੀ ਜਾਂ ਗੈਰ-ਸਰਗਰਮ ਕਲੱਬਾਂ 'ਤੇ ਨਕੇਲ ਪਾਉਣ ਲਈ ਵੱਡਾ ਕਦਮ ਚੁੱਕਿਆ ਗਿਆ ਹੈ | ਯੁਵਕ ਸੇਵਾਵਾਂ ਵਿਭਾਗ ਨੇ ਯੂਥ ਕਲੱਬ ਐਫੀਲੀਏਸ਼ਨ ਪਾਲਿਸੀ 2025 ਦੇ ਤਹਿਤ ਸੂਬੇ ਭਰ ਦੇ ਕਲੱਬਾਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਸਪਾਲ ਸਿੰਘ ਨੇ ਦੱਸਿਆ ਕਿ 21 ਜਨਵਰੀ 2026 ਨੂੰ ਜਾਰੀ ਜਨਤਕ ਇਸ਼ਤਿਹਾਰ ਦੇ ਅਨੁਸਾਰ ਗੈਰ-ਸਰਗਰਮ ਯੂਥ ਕਲੱਬਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਐਫੀਲੀਏਸ਼ਨ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ | ਇਸ ਦੇ ਤਹਿਤ ਹੁਣ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਰੇ ਯੂਥ ਕਲੱਬਾਂ ਨੂੰ ਪਿਛਲੇ ਤਿੰਨ ਸਾਲਾਂ (2023-24, 2024-25, 2025-26) ਦੀ ਵਿਸਥਾਰਪੂਰਵਕ ਕਾਰਗੁਜ਼ਾਰੀ ਰਿਪੋਰਟ ਸਬੂਤਾਂ ਸਮੇਤ ਜਮਾਂ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ | ਉਨ੍ਹਾਂ ਹੋਰ ਦੱਸਿਆ ਕਿ ਏ.ਡੀ.ਸੀ. ਫ਼ਿਰੋਜ਼ਪੁਰ ਦੀ ਅਗਵਾਈ ਹੇਠ ਕਮੇਟੀ ਨਾਲ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਸਾਰੇ ਯੂਥ ਕਲੱਬ 12 ਮਈ 2026 ਤੱਕ ਆਪਣੀ ਕਾਰਗੁਜ਼ਾਰੀ ਦਾ ਰਿਕਾਰਡ ਦਫ਼ਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫ਼ਿਰੋਜ਼ਪੁਰ ਵਿਚ ਜਮਾਂ ਕਰਵਾਉਣ | ਜਸਪਾਲ ਸਿੰਘ ਨੇ ਸਪਸ਼ਟ ਕੀਤਾ ਕਿ ਜੋ ਕਲੱਬ ਨਿਰਧਾਰਿਤ ਸਮੇਂ ਵਿਚ ਵੇਰਵੇ ਪੇਸ਼ ਨਹੀਂ ਕਰਨਗੇ ਜਾਂ ਜਿਨ੍ਹਾਂ ਦੀ ਕਾਰਗੁਜ਼ਾਰੀ ਸੰਤੋਸ਼ਜਨਕ ਨਹੀਂ ਪਾਈ ਜਾਵੇਗੀ | ਉਨ੍ਹਾਂ ਦੀ ਐਫੀਲੀਏਸ਼ਨ ਬਿਨਾਂ ਕਿਸੇ ਹੋਰ ਨੋਟਿਸ ਦੇ ਰੱਦ ਕਰ ਦਿੱਤੀ ਜਾਵੇਗੀ |