ਅੰਮਿ੍ਤਸਰ, 24 ਅਪ੍ਰੈਲ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਮਲਿਕ ਮੁਹੰਮਦ ਅਹਿਮਦ ਖ਼ਾਨ ਨੇ ਘੱਟ-ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਅਤੇ ਉਨ੍ਹਾਂ ਦੇ ਮੰਤਰਾਲੇ ਦੀ ਖਿਚਾਈ ਕਰਦਿਆਂ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਜ਼ੀਰੋ ਕਰਾਰ ਦਿੱਤਾ | ਪੰਜਾਬ ਵਿਧਾਨ ਸਭਾ ਦੀ ਘੱਟ ਗਿਣਤੀ ਮਾਮਲਿਆਂ ਬਾਰੇ ਸੰਸਦੀ ਸਕੱਤਰ ਸੋਨੀਆ ਆਸ਼ਰ ਨੇ ਵੀ ਮੰਨਿਆ ਮੰਤਰਾਲੇ ਵਲੋਂ ਭਾਈਚਾਰੇ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਇਸ ਤੋਂ ਪਹਿਲਾਂ ਰਮੇਸ਼ ਸਿੰਘ ਅਰੋੜਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਮੰਤਰਾਲੇ ਨੇ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਨਿਰਦੇਸ਼ਾਂ 'ਤੇ ਲਗਭਗ 17 ਗੁਰਦੁਆਰਿਆਂ ਅਤੇ ਹੋਰ ਸਿੱਖ ਯਾਦਗਾਰਾਂ ਦੀ ਸ਼ੁਰੂ ਕੀਤੀ ਨਵਉਸਾਰੀ 'ਤੇ 2 ਅਰਬ ਪਾਕਿਸਤਾਨੀ ਰੁਪਏ ਖ਼ਰਚ ਕੀਤੇ ਹਨ | ਇਜਲਾਸ ਦੌਰਾਨ ਸਪੀਕਰ ਨੇ ਸਖ਼ਤ ਲਹਿਜ਼ੇ 'ਚ ਕਿਹਾ ਕਿ ਜਿੱਥੇ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਕੋਲ ਪੀਣ ਵਾਲੇ ਪਾਣੀ ਅਤੇ ਹੋਰ ਸਹੂਲਤਾਂ ਦੀ ਪਹੁੰਚ ਨਹੀਂ ਹੈ, ਉਹ ਗੰਦਗੀ ਅਤੇ ਦੂਸ਼ਿਤ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਮਰ ਰਹੇ ਹਨ, ਫਿਰ ਉੱਥੇ ਧਾਰਮਿਕ ਅਸਥਾਨਾਂ 'ਤੇ ਪੈਸਾ ਖ਼ਰਚ ਕਰਨ ਦਾ ਕੀ ਮਤਲਬ ਹੈ | ਸਪੀਕਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਘੱਟ-ਗਿਣਤੀ ਭਾਈਚਾਰੇ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਇਆ ਜਾਣਾ ਚਾਹੀਦਾ ਹੈ | ਈਸਾਈ ਬਸਤੀਆਂ 'ਚ ਐਨੀ ਮਾੜੀ ਸਥਿਤੀ ਬਣੀ ਹੋਈ ਹੈ ਕਿ ਉੱਥੇ ਲੋਕਾਂ ਦਾ ਜਿਊਣਾ ਅਸੰਭਵ ਬਣਿਆ ਹੋਇਆ ਹੈ |