ਲੰਡਨ, 24 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਹਿਲੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ 33,000 ਭਾਰਤੀ ਫੌਜ ਦੇ ਸੈਨਿਕਾਂ ਦੇ ਨਾਂਅ ਆਖਰਕਾਰ ਇਰਾਕ ਵਿਚ ਇਕ ਯਾਦਗਾਰ 'ਤੇ ਡਿਜੀਟਲ ਤੌਰ 'ਤੇ ਉੱਕਰੇ ਗਏ ਹਨ | ਪਹਿਲਾਂ ਯਾਦਗਾਰ 'ਚ ਇਨ੍ਹਾਂ ਭਾਰਤੀ ਸੈਨਿਕਾਂ ਦੇ ਨਾਂਅ ਸ਼ਾਮਲ ਨਹੀਂ ਸਨ | ਇਰਾਕ ਜਿਸਨੂੰ ਉਸ ਸਮੇਂ ਮੇਸੋਪੋਟੇਮੀਆ ਵਜੋਂ ਜਾਣਿਆ ਜਾਂਦਾ ਸੀ, 20ਵੀਂ ਸਦੀ ਦੇ ਸ਼ੁਰੂ 'ਚ ਯੂਰਪ ਤੋਂ ਬਾਹਰ ਬਿ੍ਟਿਸ਼ ਸਾਮਰਾਜ ਦੀਆਂ ਸਭ ਤੋਂ ਵੱਡੀਆਂ ਮੁਹਿੰਮਾਂ ਦਾ ਕੇਂਦਰ ਸੀ | ਕਾਮਨਵੈਲਥ ਵਾਰ ਗ੍ਰੇਵਜ਼ ਕਮਿਸ਼ਨ ਨੇ ਇਰਾਕ 'ਚ ਬਸਰਾ ਯਾਦਗਾਰ ਲਈ ਗੁੰਮ ਹੋਏ ਨਾਮਾਂ ਨੂੰ ਸ਼ਾਮਲ ਕਰਨ ਲਈ ਨਵੇਂ ਡਿਜੀਟਲ ਨਾਂਅ ਪੈਨਲ ਪੇਸ਼ ਕੀਤੇ ਹਨ | ਸੀ.ਡਬਲਿਊ. ਜੀ.ਸੀ. ਇਕ ਚੈਰੀਟੇਬਲ ਸੰਸਥਾ ਹੈ ਜਿਸਦਾ ਮਿਸ਼ਨ ਦੋਵਾਂ ਵਿਸ਼ਵ ਯੁੱਧਾਂ ਦੌਰਾਨ ਮਾਰੇ ਗਏ ਸਾਰੇ ਰਾਸ਼ਟਰਮੰਡਲ ਸੈਨਿਕਾਂ ਤੇ ਔਰਤਾਂ ਨੂੰ ਸ਼ਰਧਾਂਜਲੀ ਦੇਣਾ ਹੈ | ਇਸ ਮਹੀਨੇ ਦੇ ਸ਼ੁਰੂ 'ਚ ਲਾਂਚ ਕੀਤੇ ਗਏ ਡਿਜੀਟਲ ਯਾਦਗਾਰ 'ਚ ਪਹਿਲੀ ਵਾਰ 46,000 ਤੋਂ ਵੱਧ ਰਾਸ਼ਟਰਮੰਡਲ ਸੇਵਾ ਕਰਮਚਾਰੀਆਂ ਦੇ ਨਾਵਾਂ ਦੇ ਨਾਲ ਭਾਰਤੀ ਸੈਨਿਕਾਂ ਦੇ ਨਾਂਅ ਸ਼ਾਮਲ ਹਨ |