ਮੁਅੱਤਲ ਡੀ.ਆਈ.ਜੀ. ਭੁੱਲਰ ਦੇ 11 ਟਿਕਾਣਿਆਂ 'ਤੇ ਈ.ਡੀ. ਵਲੋਂ ਛਾਪੇਮਾਰੀ <br/>
ਅਜੀਤ ਡੈਸਕ
28-04-2026
'ਆਪ' ਜ਼ਿਲ੍ਹਾ ਪ੍ਰਧਾਨ ਦੇ ਮਾਛੀਵਾੜਾ ਵਿਖੇ ਸਥਿਤ ਦਫ਼ਤਰ 'ਚ ਛਾਪੇਮਾਰੀ
ਮਾਛੀਵਾੜਾ ਸਾਹਿਬ, (ਰਾਜਦੀਪ ਸਿੰਘ ਅਲਬੇਲਾ)-ਜੇਲ੍ਹ 'ਚ ਬੰਦ ਤੇ ਰਿਸ਼ਵਤ ਮਾਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਮਾਮਲੇ ਵਿਚ ਅੱਜ ਸਵੇਰੇ ਈ. ਡੀ. ਵਲੋਂ ਮਾਛੀਵਾੜਾ ਵਿਖੇ ਆਮ ਆਦਮੀ ਪਾਰਟੀ ਦੇ ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਰਾਠੌਰ ਦੇ ਦਫ਼ਤਰ ਵਿਖੇ ਛਾਪੇਮਾਰੀ ਕੀਤੀ ਗਈ | ਜਾਣਕਾਰੀ ਅਨੁਸਾਰ ਈ. ਡੀ. ਵਿਭਾਗ ਦੀ ਟੀਮ 3 ਗੱਡੀਆਂ 'ਚ ਸਵਾਰ ਹੋ ਕੇ ਸਵੇਰੇ 7 ਵਜੇ ਭੁਪਿੰਦਰ ਸਿੰਘ ਦੇ ਮਾਛੀਵਾੜਾ ਵਿਖੇ ਸਥਿਤ ਦਫ਼ਤਰ ਪੁੱਜੀ | ਟੀਮ ਵਲੋਂ ਉੱਥੇ ਪੁੱਛਗਿੱਛ ਕੀਤੀ ਗਈ ਅਤੇ ਭੁਪਿੰਦਰ ਸਿੰਘ ਨੂੰ ਫ਼ੋਨ ਕਰ ਕੇ ਬੁਲਾਇਆ ਗਿਆ | ਭੁਪਿੰਦਰ ਸਿੰਘ ਤੁਰੰਤ ਈ. ਡੀ. ਵਿਭਾਗ ਕੋਲ ਪਹੁੰਚ ਗਏ ਅਤੇ ਜਾਂਚ ਵਿਚ ਸ਼ਾਮਿਲ ਹੋਏ |
ਪਟਿਆਲਾ ਵਿਖੇ ਛਾਪੇਮਾਰੀ
ਪਟਿਆਲਾ, (ਮਨਦੀਪ ਸਿੰਘ ਖਰੌੜ)-ਪਟਿਆਲਾ ਦੇ ਨਾਮੀ ਪ੍ਰੋਪਰਟੀ ਦਾ ਕੰਮ ਕਰਨ ਵਾਲੇ ਬੀ.ਐਚ. ਪ੍ਰਾਪਰਟੀਜ਼ 'ਤੇ ਛਾਪੇਮਾਰੀ ਕੀਤੀ ਗਈ ਪਰ ਹਾਲੇ ਤਕ ਇਸ ਸੰਬੰਧੀ ਕਿਸੇ ਵੀ ਅਧਿਕਾਰੀ ਨੇ ਚੁੱਪੀ ਨਹੀਂ ਤੋੜੀ ਕਿ ਇਹ ਛਾਪੇਮਾਰੀ ਕਿਸ ਕੇਸ ਦੇ ਸੰਬੰਧ ਵਿਚ ਕੀਤੀ ਜਾ ਰਹੀ ਹੈ | ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਕਿਸੇ ਕੇਸ ਨਾਲ ਜੁੜਿਆ ਹੋਇਆ ਹੈ ਕਿਉਂਕਿ ਡੀ.ਆਈ.ਜੀ. ਦੇ ਕਿਸੇ ਨਜ਼ਦੀਕੀ ਦੀ ਨਾਭਾ 'ਚ ਰਿਹਾਇਸ਼ 'ਤੇ ਵੀ ਅੱਜ ਈ.ਡੀ. ਵਲੋਂ ਛਾਪੇਮਾਰੀ ਕੀਤੀ ਗਈ ਹੈ | ਇਸ ਛਾਪੇਮਾਰੀ ਦੌਰਾਨ ਪੰਜ-ਛੇ ਘੰਟੇ ਦੇ ਕਰੀਬ ਜਾਂਚ ਕੀਤੀ ਗਈ |
ਰਿਸ਼ਵਤ ਮਾਮਲੇ 'ਚ ਫਸੇ ਕਿਰਸਾਣੂ ਸ਼ਾਰਦਾ ਦੇ ਘਰ ਛਾਪੇਮਾਰੀ
ਨਾਭਾ, (ਕਰਮਜੀਤ ਸਿੰਘ)-ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਉੱਤੇ ਰਿਸ਼ਵਤਖੋਰੀ ਦੇ ਗੰਭੀਰ ਇਲਜ਼ਾਮ ਲੱਗੇ ਸਨ, ਜਿਸ ਤੋਂ ਬਾਅਦ ਮਾਮਲਾ ਕਾਫੀ ਚਰਚਾ ਵਿਚ ਆ ਗਿਆ ਸੀ | ਇਸੇ ਮਾਮਲੇ ਵਿਚ ਨਾਭਾ ਦੇ ਰਹਿਣ ਵਾਲੇ ਕਿਰਸਾਣੂ ਸ਼ਾਰਦਾ ਨੂੰ ਵੀ ਗਿ੍ਫਤਾਰ ਕੀਤਾ ਗਿਆ ਸੀ, ਜਿਸ ਨੂੰ ਇਸ ਕੇਸ ਵਿਚ ਵਿਚੋਲਾ ਦੱਸਿਆ ਜਾ ਰਿਹਾ ਹੈ | ਅੱਜ ਤੜਕੇ ਈਡੀ ਦੀਆਂ ਟੀਮਾਂ ਵਲੋਂ ਅੱਜ ਸਵੇਰੇ ਲਗਭਗ 5:30 ਵਜੇ ਈ.ਡੀ. ਦੇ ਅਧਿਕਾਰੀ ਨਾਭਾ ਵਿਚ ਕਿਰਸਾਣੂ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਵਲੋਂ ਘਰ ਦੇ ਮੈਂਬਰਾਂ ਨਾਲ ਵਿਸਥਾਰਪੂਰਵਕ ਪੁੱਛਗਿੱਛ ਕੀਤੀ ਜਾ ਰਹੀ ਹੈ |